ਨਿਕਹਤ ਦੀ ਮੰਗ ''ਤੇ ਰਿਜਿਜੂ ਨੇ ਕਿਹਾ-ਦੇਸ਼ ਦੇ ਸਰਵਸ੍ਰੇਸ਼ਠ ਹਿੱਤ ''ਚ ਫੈਸਲਾ ਕਰਨ ਲਈ ਕਹਾਂਗਾ
Saturday, Oct 19, 2019 - 03:02 AM (IST)
ਨਵੀਂ ਦਿੱਲੀ- ਖੇਡ ਮੰਤਰੀ ਕਿਰੇਨ ਰਿਜਿਜੂ ਨੇ ਮੁੱਕੇਬਾਜ਼ ਨਿਕਹਤ ਜ਼ਰੀਨ ਦੀ ਐੱਮ. ਸੀ. ਮੈਰੀਕਾਮ ਵਿਰੁੱਧ ਟ੍ਰਾਇਲ ਮੁਕਾਬਲਾ ਕਰਵਾਉਣ ਦੀ ਮੰਗ ਨਾਲ ਉੱਠੇ ਵਿਵਾਦ ਵਿਚ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ ਉਹ ਸਿਰਫ ਮਹਾਸੰਘ ਨੂੰ ਦੇਸ਼ ਅਤੇ ਖਿਡਾਰੀਆਂ ਦੇ ਹਿੱਤ ਵਿਚ ਸਰਵਸ੍ਰੇਸ਼ਠ ਫੈਸਲਾ ਕਰਨ ਲਈ ਹੀ ਕਹਿ ਸਕਦੇ ਹਨ। ਜ਼ਰੀਨ ਨੇ ਵੀਰਵਾਰ ਨੂੰ ਰਿਜਿਜੂ ਨੂੰ ਪੱਤਰ ਲਿਖ ਕੇ ਚੀਨ ਵਿਚ ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ ਦੀ ਚੋਣ ਤੋਂ ਪਹਿਲਾਂ ਮੈਰੀਕਾਮ ਵਿਰੁੱਧ ਟ੍ਰਾਇਲ ਮੁਕਾਬਲਾ ਆਯੋਜਿਤ ਕਰਨ ਦੀ ਮੰਗ ਕੀਤੀ ਸੀ।
ਇਸ ਤੋਂ ਪਹਿਲਾਂ ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਨੇ ਕਿਹਾ ਸੀ ਕਿ ਮੈਰੀਕਾਮ (51 ਕਿ. ਗ੍ਰਾ.) ਦੇ ਹਾਲ ਹੀ ਵਿਚ ਰੂਸ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਣ ਦੇ ਪ੍ਰਦਰਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਉਹ 6 ਵਾਰ ਦੀ ਵਿਸ਼ਵ ਚੈਂਪੀਅਨ ਨੂੰ ਚੁਣਨ ਦਾ ਇਰਾਦਾ ਰੱਖਦਾ ਹੈ। ਇਸ ਤੋਂ ਬਾਅਦ ਹੀ ਜ਼ਰੀਨ ਨੇ ਇਹ ਪੱਤਰ ਲਿਖਿਆ ਸੀ।