ਫੀਫਾ ਅੰਡਰ-17 ਵਿਸ਼ਵ ਕੱਪ ''ਚ ਅੱਜ ਤੋਂ ਛਿੜੇਗੀ ਅਸਲੀ ਜੰਗ

10/16/2017 5:05:18 AM

ਨਵੀਂ ਦਿੱਲੀ—ਭਾਰਤ ਵਿਚ ਪਹਿਲੀ ਵਾਰ ਆਯੋਜਿਤ ਫੀਫਾ ਅੰਡਰ-17 ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਗਰੁੱੱਪ ਮੈਚ ਖਤਮ ਹੋਣ ਤੋਂ ਬਾਅਦ ਹੁਣ ਫੈਸਲਾਕੁੰਨ ਗੇੜ ਵਿਚ ਪਹੁੰਚ ਗਿਆ ਹੈ ਤੇ ਸੋਮਵਾਰ ਤੋਂ ਵਿਸ਼ਵ ਕੱਪ ਦੇ 'ਕਰੋ ਜਾਂ ਮਰੋ' ਦੇ ਮੁਕਾਬਲੇ ਸ਼ੁਰੂ ਹੋ ਜਾਣਗੇ। ਵਿਸ਼ਵ ਕੱਪ ਦੇ ਗਰੁੱਪ ਗੇੜ ਤੋਂ ਬਾਅਦ 16 ਟੀਮਾਂ ਰਾਊਂਡ-16 ਵਿਚ ਪਹੁੰਚ ਗਈਆਂ ਹਨ, ਜਿਸ ਵਿਚ ਪਹਿਲੇ ਦੋ ਮੁਕਾਬਲੇ ਸੋਮਵਾਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਖੇਡੇ ਜਾਣਗੇ। ਇਨ੍ਹਾਂ ਦੋਵੇਂ ਮੈਚਾਂ ਵਿਚ ਕੋਲੰਬੀਆ ਦਾ ਮੁਕਾਬਲਾ ਜਰਮਨੀ ਨਾਲ ਤੇ ਪੈਰਾਗਵੇ ਦਾ ਮੁਕਾਬਲਾ ਅਮਰੀਕਾ ਨਾਲ ਹੋਵੇਗਾ।  ਇਸ ਤੋਂ ਬਾਅਦ ਮੰਗਲਵਾਰ ਨੂੰ ਚਾਰ ਮੁਕਾਬਲੇ ਹੋਣਗੇ, ਜਿਸ ਵਿਚ ਈਰਾਨ ਦੀ ਟੱਕਰ ਮੈਕਸੀਕੋ ਨਾਲ, ਫਰਾਂਸ ਦੀ ਸਪੇਨ ਨਾਲ, ਇੰਗਲੈਂਡ ਦੀ ਜਾਪਾਨ ਨਾਲ ਤੇ ਮਲੀ ਦੀ ਇਰਾਕ ਨਾਲ ਹੋਵੇਗੀ। ਬੁੱਧਵਾਰ ਨੂੰ ਘਾਨਾ ਤੇ ਨਾਈਜਰ ਅਤੇ ਬ੍ਰਾਜ਼ੀਲ ਤੇ ਹੋਂਡੂਰਾਸ ਆਹਮੋ-ਸਾਹਮਣੇ ਹੋਣਗੇ। ਰਾਊਂਡ-16 ਵਿਚ ਪਹੁੰਚੀਆਂ 16 ਟੀਮਾਂ ਵਿਚੋਂ 6 ਟੀਮਾਂ ਅਜਿਹੀਆਂ ਹਨ, ਜਿਹੜੀਆਂ ਪਹਿਲੇ ਵਿਸ਼ਵ ਕੱਪ ਦੇ ਫਾਈਨਲ ਵਿਚ ਖੇਡ ਚੁੱਕੀਆਂ ਹਨ। 1991 ਤੋਂ 2005 ਤਕ ਇਸ ਟੂਰਨਾਮੈਂਟ ਨੂੰ ਅੰਡਰ-17 ਵਿਸ਼ਵ ਚੈਂਪੀਅਨਸ਼ਿਪ ਕਿਹਾ ਜਾਂਦਾ ਸੀ ਤੇ 2007 ਤੋਂ ਬਾਅਦ ਤੋਂ ਇਸ ਨੂੰ ਅੰਡਰ-17 ਵਿਸ਼ਵ ਕੱਪ ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ 6 ਟੀਮਾਂ ਵਿਚੋਂ ਤਿੰਨ ਵਾਰ ਚੈਂਪੀਅਨ ਰਹਿ ਚੁੱਕਾ ਬ੍ਰਾਜ਼ੀਲ, ਦੋ ਵਾਰ ਚੈਂਪੀਅਨ ਰਿਹਾ ਘਾਨਾ, ਦੋ ਵਾਰ ਚੈਂਪੀਅਨ ਰਿਹਾ ਮੈਕਸੀਕੋ ਤੇ ਇਕ ਵਾਰ ਦਾ ਜੇਤੂ ਫਰਾਂਸ ਸ਼ਾਮਲ ਹੈ। ਇਸਦੇ ਇਲਾਵਾ 3 ਵਾਰ ਦੀ ਫਾਈਨਲਿਸਟ ਸਪੇਨ ਤੇ ਇਕ ਵਾਰ ਦਾ ਫਾਈਨਲਿਸਟ ਮਲੀ ਵੀ ਇਨ੍ਹਾਂ 6 ਟੀਮਾਂ ਵਿਚ ਸ਼ਾਮਲ ਹੈ।
ਇਸ ਵਾਰ ਵਿਸ਼ਵ ਕੱਪ ਦਾ ਹੈਰਾਨੀਜਨਕ ਪ੍ਰਦਰਸ਼ਨ ਨਵੀਂ ਟੀਮ ਨਾਈਜਰ ਦਾ ਹੈ, ਜਿਹੜੀ ਪਹਿਲੀ ਵਾਰ ਵਿਸ਼ਵ ਕੱਪ ਵਿਚ ਉਤਰਨ ਦੇ ਨਾਲ ਹੀ ਰਾਊਂਡ-16 ਵਿਚ ਪਹੁੰਚੀ ਹੈ। ਦੋ ਹੋਰ ਨਵੀਆਂ ਟੀਮਾਂ ਮੇਜ਼ਬਾਨ ਭਾਰਤ ਤੇ ਨਿਊ ਕਾਲੇਡੋਨੀਆ ਨੂੰ ਗਰੁੱਪ ਦੌਰ ਵਿਚ ਹੀ ਬਾਹਰ ਹੋਣਾ ਪਿਆ। ਪ੍ਰੀ ਕੁਆਰਟਰ ਫਾਈਨਲ ਵਿਚ ਪਹੁੰਚੀਆਂ 16 ਟੀਮਾਂ ਵਿਚੋਂ ਪੰਜ ਟੀਮਾਂ ਪੈਰਾਗਵੇ, ਈਰਾਨ, ਬ੍ਰਾਜ਼ੀਲ, ਫਰਾਂਸ ਤੇ ਇੰਗਲੈਂਡ ਅਜਿਹੀਆਂ ਟੀਮਾਂ ਹਨ, ਜਿਨ੍ਹਾਂ ਨੇ ਆਪਣੇ-ਆਪਣੇ ਗਰੁੱਪ ਵਿਚ ਸਾਰੇ ਤਿੰਨੋਂ ਮੈਚ ਜਿੱਤੇ ਹਨ। ਘਾਨਾ ਤੇ ਕੋਲੰਬੀਆ ਗਰੁੱਪ-ਏ ਤੋਂ, ਪੈਰਾਗਵੇ ਤੇ ਮਲੀ ਗਰੁੱਪ-ਬੀ ਤੋਂ, ਈਰਾਨ ਤੇ ਜਰਮਨੀ ਗਰੁੱਪ ਸੀ ਤੋਂ, ਬ੍ਰਾਜ਼ੀਲ ਤੇ ਸਪੇਨ ਗਰੁੱਪ-ਡੀ ਤੋਂ, ਫਰਾਂਸ ਤੇ ਜਾਪਾਨ ਗਰੁੱਪ-ਈ ਤੋਂ ਅਤੇ ਇੰਗਲੈਂਡ ਤੇ ਇਰਾਕ ਗਰੁੱਪ-ਐੱਫ ਤੋਂ ਚੋਟੀ ਦੀਆਂ ਦੋ ਟੀਮਾਂ ਦੇ ਰੂਪ ਵਿਚ ਪ੍ਰੀ ਕੁਆਰਟਰ ਫਾਈਨਲ ਵਿਚ ਪਹੁੰਚੀਆਂ ਹਨ। ਇਸ ਤੋਂ ਬਾਅਦ ਤੀਜੇ ਸਥਾਨ ਦੀਆਂ ਚਾਰ ਸਰਵਸ੍ਰੇਸ਼ਠ ਟੀਮਾਂ ਵਿਚ ਅਮਰੀਕਾ, ਨਾਈਜਰ, ਹੋਂਡੂਰਾਸ ਤੇ ਮੈਕਸੀਕੋ ਨੇ ਵੀ ਰਾਊਂਡ-16 ਵਿਚ ਜਗ੍ਹਾ ਬਣਾ ਲਈ ।
ਮੈਕਸੀਕੋ ਤਾਂ ਦੋ ਮੈਚ ਡਰਾਅ ਖੇਡ ਕੇ ਦੋ ਅੰਕਾਂ ਨਾਲ ਇਸ ਦੌਰ ਵਿਚ ਪਹੁੰਚ ਗਿਆ ਹੈ। ਨਾਈਜਰ ਨੇ ਤਿੰਨ ਮੈਚਾਂ ਵਿਚੋਂ ਦੋ ਮੈਚ ਹਾਰੇ ਤੇ ਇਕ ਮੈਚ ਉੱਤਰੀ ਕੋਰੀਆ ਨੂੰ ਹਰਾ ਕੇ ਜਿੱਤਿਆ, ਜਿਸ ਦੀ ਬਦੌਲਤ ਉਸ ਨੂੰ ਅਗਲੇ ਦੌਰ ਵਿਚ ਜਗ੍ਹਾ ਮਿਲ ਗਈ। ਅਮਰੀਕਾ ਦੀ ਟੀਮ 6 ਅੰਕਾਂ ਨਾਲ ਗਰੁੱਪ-ਏ ਤੋਂ ਤੀਜੇ ਸਥਾਨ 'ਤੇ ਰਹੀ ਤੇ ਅਗਲੇ ਦੌਰ ਵਿਚ ਪਹੁੰਚੀ।  ਹੋਂਡੂਰਾਸ ਨੇ ਤਿੰਨ ਮੈਚਾਂ ਵਿਚੋਂ ਇਕ ਜਿੱਤਿਆ, ਜਿਸ ਵਿਚ ਉਸ ਨੇ ਨਿਊ ਕਾਲੇਡੋਨੀਆ ਨੂੰ ਹਰਾਇਆ ਤੇ ਇਸ ਜਿੱਤ ਨੇ ਉਸ ਨੂੰ ਨਾਕਆਊਟ ਦੌਰ ਵਿਚ ਪਹੁੰਚਾ ਦਿੱਤਾ। ਗਰੁੱਪ ਗੇੜ ਵਿਚ ਗਰੁੱਪ-ਈ ਦੀ ਟੀਮ ਫਰਾਂਸ ਗੋਲ ਕਰਨ ਵਿਚ ਸਭ ਤੋਂ ਅੱਗੇ ਰਹੀ। ਉਸ ਨੇ ਆਪਣੇ ਤਿੰਨ ਮੈਚਾਂ ਵਿਚ 14 ਗੋਲ ਕੀਤੇ ਤੇ ਸਿਰਫ ਤਿੰਨ ਗੋਲ ਖੇਡੇ। ਇੰਗਲੈਂਡ ਨੇ ਤਿੰਨ ਮੈਚਾਂ ਵਿਚ 11 ਗੋਲ, ਪੈਰਾਗਵੇ ਨੇ ਤਿੰਨ ਮੈਚਾਂ ਵਿਚ 10 ਗੋਲ, ਈਰਾਨ ਨੇ ਤਿੰਨ ਮੈਚਾਂ ਵਿਚ 10 ਗੋਲ ਤੇ ਬ੍ਰਾਜ਼ੀਲ ਨੇ ਤਿੰਨ ਮੈਚਾਂ ਵਿਚ 6 ਗੋਲ ਕੀਤੇ।  ਗਰੁੱਪ-ਗੇੜ ਵਿਚ ਬਾਹਰ ਹੋਈਆਂ ਟੀਮਾਂ ਵਿਚ ਮੇਜ਼ਬਾਨ ਭਾਰਤ, ਨਿਊਜ਼ੀਲੈਂਡ, ਤੁਰਕੀ, ਗਿਨੀ, ਕੋਸਟਾਰਿਕਾ, ਉੱਤਰੀ ਕੋਰੀਆ, ਨਿਊ ਕਾਲੇਡੋਨੀਆ ਤੇ ਚਿਲੀ ਸ਼ਾਮਲ ਰਹੀਆਂ। ਭਾਰਤ ਤੇ ਉੱਤਰੀ ਕੋਰੀਆ ਦੋ ਅਜਿਹੀਆਂ ਟੀਮਾਂ ਰਹੀਆਂ, ਜਿਨ੍ਹਾਂ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਦੋਵਾਂ ਨੇ ਆਪਣੇ ਸਾਰੇ ਤਿੰਨੇ ਮੈਚ ਗੁਆਏ।


Related News