ਰੀਅਲ ਮੈਡ੍ਰਿਡ ਨੇ ਵੇਲੇਂਸਿਆ ਨੂੰ 3-0 ਨਾਲ ਹਰਾ ਕੇ ਬਾਰਸੀਲੋਨਾ ਨਾਲ ਖਿਤਾਬੀ ਜੰਗ ਬਰਕਰਾਰ ਰੱਖੀ
Friday, Jun 19, 2020 - 01:51 PM (IST)
ਮੈਡ੍ਰਿਡ : ਕਰੀਮ ਬੇਂਜੇਮਾ ਦੇ 2 ਗੋਲ ਦੀ ਮਦਦ ਨਾਲ ਰੀਅਲ ਮੈਡ੍ਰਿਡ ਵੇਲੇਂਸਿਆ ਨੂੰ 3-0 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਬਾਰਸੀਲੋਨਾ ਦੇ ਨਾਲ ਖਿਤਾਬੀ ਜੰਗ ਬਰਕਰਾਰ ਰੱਖੀ। ਰੀਅਲ ਮੈਡ੍ਰਿਡ ਆਪਣੇ ਘਰੇਲੂ ਮੈਦਾਨ 'ਤੇ ਦਰਜ ਕੀਤੀ ਗਈ ਇਸ ਜਿੱਤ ਨਾਲ ਨਾਲ ਬਾਰਸੀਲੋਨਾ ਤੋਂ ਹੁਣ 2 ਅੰਕ ਪਿੱਛੇ ਰਹਿ ਗਿਆ ਹੈ। ਬਾਰਸੀਲੋਨਾ ਨੇ ਮੰਗਲਵਾਰ ਨੂੰ ਲੀਗਾਨੇਸ ਨੂੰ 2-0 ਨਾਲ ਹਰਾਇਆ ਸੀ ਜੋ ਉਸ ਦੀ ਵਾਪਸੀ ਤੋਂ ਬਾਅਦ ਦੂਜੀ ਜਿੱਤ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੀਗ ਲੱਗਭਗ 3 ਮਹੀਨੇ ਠੱਪ ਰਹੀ ਸੀ। ਪਹਿਲੇ ਹਾਫ ਵਿਚ ਮੈਡ੍ਰਿਡ ਦੀ ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਦੂਜੇ ਹਾਫ ਵਿਚ ਉਸ ਨੇ ਜਲਦੀ ਹੀ ਖੇਡ 'ਤੇ ਕਾਬੂ ਪਾ ਲਿਆ।
ਪਹਿਲੇ ਹਾਫ ਵਿਚ ਵੇਲੇਂਸਿਆ ਨੇ ਗੋਲ ਕਰ ਦਿੱਤਾ ਸੀ ਪਰ ਵੀਡੀਓ ਸਮੀਖਿਆ ਤੋਂ ਬਾਅਦ ਉਹ ਗੋਲ ਨਾਮੰਜ਼ੂਰ ਕਰ ਦਿੱਤਾ ਗਿਆ। ਬੇਂਜੇਮਾ ਨੇ 61ਵੇਂ ਮਿੰਟ ਵਿਚ ਏਡੇਨ ਹੇਜ਼ਾਰਟ ਦੇ ਪਾਸ 'ਤੇ ਆਪਣਾ ਪਹਿਲਾ ਗੋਲ ਕੀਤਾ। ਪਿਛਲੇ ਸਾਲ ਗੋਡੇ ਦੀ ਸੱਟ ਨਾਲ ਜੂਝਣ ਤੋਂ ਬਾਅਦ ਪਹਿਲੀ ਵਾਰ ਖੇਡ ਰਹੇ ਮਾਰਕੋ ਏਸੇਂਸੀਆ ਨੇ 74ਵੇਂ ਸਬਸੀਟਿਊਡ ਖਿਡਾਰੀ ਦੇ ਤੌਰ 'ਤੇ ਮੈਦਾਨ 'ਚ ਕਦਮ ਰੱਖਿਆ ਅਤੇ 30 ਸੈਕੰਡ ਦੇ ਅੰਦਰ ਗੋਲ ਵੀ ਕਰ ਦਿੱਤਾ। ਬੇਂਜੇਮਾ ਨੇ 86ਵੇਂ ਮਿੰਟ ਵਿਚ ਆਪਣਾ ਦੂਜਾ ਅਤੇ ਟੀਮ ਵੱਲੋਂ ਤੀਜਾ ਗੋਲ ਕੀਤਾ। ਇਸ ਵਿਚਾਲੇ ਰੀਅਲ ਸੋਸੀਡੈਡ ਨੂੰ ਐਲਵੇਸ ਹੱਥੋਂ 2-0 ਨਾਲ ਹਾਰ ਦਾ ਸਾਹਮਣਾ ਕਰਨ ਪਿਆ ਜਿਸ ਨਾਲ ਉਹ ਫਿਰ ਤੋਂ ਚੌਥਾ ਸਥਾਨ ਹਾਸਲ ਕਰਨ 'ਚ ਅਸਫਲ ਰਹੇ।