RCB v RR : ਬੈਂਗਲੁਰੂ ਦੀ ਰਾਜਸਥਾਨ 'ਤੇ ਧਮਾਕੇਦਾਰ ਜਿੱਤ, 10 ਵਿਕਟਾਂ ਨਾਲ ਹਰਾਇਆ
Thursday, Apr 22, 2021 - 10:54 PM (IST)
ਮੁੰਬਈ- ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਦੇਵਦੱਤ ਪੱਡੀਕਲ (ਅਜੇਤੂ 101 ਦੌੜਾਂ) ਦੇ ਸ਼ਾਨਦਾਰ ਸੈਂਕੜੇ ਅਤੇ ਕਪਤਾਨ ਵਿਰਾਟ ਕੋਹਲੀ (ਅਜੇਤੂ 72 ਦੌੜਾਂ) ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਨਾਲ ਵੀਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਟੀ-20 ਮੈਚ 'ਚ ਰਾਜਸਥਾਨ ਰਾਇਲਜ਼ ਨੂੰ 21 ਗੇਂਦਾਂ ਰਹਿੰਦੇ 10 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਇਸ ਸੈਸ਼ਨ 'ਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਰਾਜਸਥਾਨ ਰਾਇਲਜ਼ ਚੋਟੀ ਕ੍ਰਮ ਦੀ ਅਸਫਲਤਾ ਦੇ ਬਾਵਜੂਦ 9 ਵਿਕਟਾਂ 'ਤੇ 177 ਦੌੜਾਂ ਬਣਾਉਣ 'ਚ ਸਫਲ ਰਹੀ ਸੀ ਪਰ ਬੱਲੇਬਾਜ਼ਾਂ ਦੇ ਲਈ ਮਦਦਗਾਰ ਇਸ ਪਿੱਚ 'ਤੇ ਇਹ ਟੀਚਾ ਚੁਣੌਤੀਪੂਰਨ ਨਹੀਂ ਸੀ ਤੇ ਉਹ ਵੀ ਪਿਛਲੇ ਸਾਰੇ ਮੈਚਾਂ 'ਚ ਜਿੱਤ ਨਾਲ ਆਤਮਵਿਸ਼ਵਾਸ ਨਾਲ ਭਰੀ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਲਈ ਤਾਂ ਬਿਲਕੁਲ ਨਹੀਂ।
ਪੱਡੀਕਲ ਅਤੇ ਕੋਹਲੀ ਦੇ ਵਿਚਾਲੇ ਪਹਿਲੇ ਵਿਕਟ ਦੇ ਲਈ 181 ਦੌੜਾਂ ਦੀ ਸਾਂਝੇਦਾਰੀ ਟੀਮ ਦਾ ਟੀਚੇ ਦਾ ਪਿੱਛਾ ਕਰਦੇ ਹੋਏ ਸਭ ਤੋਂ ਵੱਡੀ ਸਾਂਝੇਦਾਰੀ ਵੀ ਰਹੀ। ਟੀਮ ਨੇ 16.3 ਓਵਰ 'ਚ 181 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਬੈਂਗਲੁਰੂ ਚਾਰੇ ਮੈਚਾਂ 'ਚ ਜਿੱਤ ਨਾਲ ਅੱਠ ਅੰਕਾਂ ਦੇ ਨਾਲ ਚੋਟੀ 'ਤੇ ਪਹੁੰਚ ਗਈ। ਪੱਡੀਕਲ ਦਾ ਇਹ ਆਈ. ਪੀ. ਐੱਲ. 'ਚ ਪਹਿਲਾਂ ਸੈਂਕੜਾ ਹੈ, ਜਿਸ ਦੇ ਲਈ ਉਨ੍ਹਾਂ ਨੇ 52 ਗੇਂਦਾਂ ਦਾ ਸਾਹਮਣਾ ਕੀਤਾ ਤੇ ਇਸ 'ਚ 11 ਚੌਕੇ ਤੇ 6 ਛੱਕੇ ਲਗਾਏ। ਉਹ ਆਈ. ਪੀ. ਐੱਲ. 'ਚ ਸੈਂਕੜਾ ਲਗਾਉਣ ਵਾਲੇ ਤੀਜੇ ਨੌਜਵਾਨ ਬੱਲੇਬਾਜ਼ ਹਨ ਪਰ ਟੀਚੇ ਦਾ ਪਿੱਛਾ ਕਰਦੇ ਹੋਏ ਉਹ ਅਜਿਹਾ ਕਰਨ ਵਾਲੇ ਸਭ ਤੋਂ ਨੌਜਵਾਨ ਹਨ। ਇਸ ਪ੍ਰਦਰਸ਼ਨ ਦੇ ਲਈ ਇਸ 20 ਸਾਲਾ ਖਿਡਾਰੀ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ। ਨਾਲ ਹੀ ਇਹ ਆਰ. ਸੀ . ਬੀ. ਦੇ ਲਈ 14ਵਾਂ ਸੈਂਕੜਾ ਸੀ ਜੋ ਕਿਸੇ ਵੀ ਆਈ. ਪੀ. ਐੱਲ. ਫ੍ਰੈਂਚਾਇਜ਼ੀ ਦੇ ਸਭ ਤੋਂ ਜ਼ਿਆਦਾ ਸੈਂਕੜੇ ਵੀ ਹਨ। ਇਸ ਦੌਰਾਨ ਰਾਜਸਥਾਨ ਅੰਕ ਸੂਚੀ 'ਚ ਹੇਠਲੇ ਸਥਾਨ 'ਤੇ ਪਹੁੰਚ ਗਈ ਹੈ।
ਪਲੇਇੰਗ 11
ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪੱਡੀਕਲ , ਰਜਤ ਪਾਟੀਦਾਰ, ਗਲੇਨ ਮੈਕਸਵੈਲ, ਏ.ਬੀ. ਡਿਲਿਵੀਅਰਸ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਕਾਈਲ ਜੈਸੀਮਨ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ।
ਰਾਜਸਥਾਨ ਰਾਇਲਜ਼ : ਜੋਸ ਬਟਲਰ, ਮਨਨ ਵੋਹਰਾ, ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਸ਼ਿਵਮ ਦੂਬੇ, ਡੈਵਿਡ ਮਿਲਰ, ਰਿਆਨ ਪਰਾਗ, ਰਾਹੁਲ ਤੇਵਤੀਆ, ਕ੍ਰਿਸ ਮਾਰਿਸ, ਜੈਦੇਵ ਉਨਾਦਕਟ, ਚੇਤਨ ਸਕਾਰੀਆ, ਮੁਸਤਫਿਜੁਰ ਰਹਿਮਾਨ।