ਅਸ਼ਵਿਨ ਨੇ ਸਰੇ ਲਈ ਪਹਿਲਾ ਕਾਊਂਟੀ ਮੈਚ ਖੇਡਦੇ ਹੋਏ ਹਾਸਲ ਕੀਤੀ ਵੱਡੀ ਉਪਲਬਧੀ, ਬਣਾਇਆ ਇਹ ਰਿਕਾਰਡ
Monday, Jul 12, 2021 - 01:22 PM (IST)

ਸਪੋਰਟਸ ਡੈਸਕ– ਭਾਰਤ ਦੇ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਸਰੇ ਲਈ ਆਪਣਾ ਪਹਿਲਾ ਕਾਊਂਟੀ ਚੈਂਪੀਅਨਸ਼ਿਪ ਮੈਚ ਖੇਡਿਆ ਤੇ ਇਕ ਵੱਡਾ ਮੁਕਾਮ ਹਾਸਲ ਕੀਤਾ। ਅਗਸਤ 2010 ਦੇ ਬਾਅਦ ਤੋਂ ਪਹਿਲੇ ਓਵਰ ’ਚ ਗੇਂਦਬਾਜ਼ੀ ਕਰਦੇ ਹੋਏ ਅਸ਼ਵਿਨ 11 ਸਾਲਾਂ ’ਚ ਕਾਊਂਟੀ ਚੈਂਪੀਅਨਸ਼ਿਪ ਮੈਚ ’ਚ ਪਹਿਲਾ ਓਵਰ ਸੁੱਟਣ ਵਾਲੇ ਪਹਿਲੇ ਸਪਿਨਰ ਬਣੇ। ਆਪਣੇ ਪਹਿਲੇ ਓਵਰ ’ਚ ਅਸ਼ਵਿਨ ਨੇ 2 ਦੌੜਾਂ ਦੇ ਕੇ ਸਮਰਸੇਟ ਦੇ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇ ਤੇ ਸਟੀਵ ਡੇਵਿਸ ਦੇ ਵਿਕਟ ਲਏ। ਇਸ ਤੋਂ ਬਾਅਦ ਅਸ਼ਵਿਨ ਨੇ 40ਵੇਂ ਓਵਰ ’ਚ ਵੀ ਮੈਚ ’ਚ ਇਕ ਵਿਕਟ ਲੈਣ ’ਚ ਸਫਲ ਰਹੇ। ਉਨ੍ਹਾਂ ਨੇ ਟਾਮ ਲੈਮੋਬਨੀ ਨੂੰ 42 ਦੌੜਾਂ ’ਤੇ ਆਊਟ ਕਰ ਦਿੱਤਾ। ਸਰੇ ਲਈ ਅਸ਼ਵਿਨ ਦਾ ਇਹ ਪਹਿਲਾ ਕਾਊਂਟੀ ਮੈਚ ਹੈ।
ਜ਼ਿਕਰਯੋਗ ਹੈ ਕਿ ਓਵਲ ’ਚ ਸਮਰਸੇਟ ਖ਼ਿਲਾਫ਼ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਕਾਈਲ ਜੈਮੀਸਨ ਦੇ ਸਥਾਨ ’ਤੇ ਅਸ਼ਵਿਨ ਨੂੰ ਪਲੇਇੰਗ ਇਲੈਵਨ ’ਚ ਰੱਖਿਆ ਗਿਆ ਸੀ । ਸਮਰਸੇਟ ਦੇ ਕਪਤਾਨ ਜੇਮਸ ਹਿਲਡ੍ਰੇਥ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਚੁਣੀ ਜਿਸ ਤੋਂ ਬਾਅਦ ਸਰੇ ਵੱਲੋਂ ਅਸ਼ਵਿਨ ਨੂੰ ਪਹਿਲਾ ਓਵਰ ਕਰਨ ਨੂੰ ਕਿਹਾ ਗਿਆ ਸੀ।