ਟੈਸਟ ''ਚ 450 ਵਿਕਟਾਂ ਲੈਣ ਵਾਲੇ ਸਭ ਤੋਂ ਤੇਜ਼ ਭਾਰਤੀ ਗੇਂਦਬਾਜ਼ ਬਣੇ ਅਸ਼ਵਿਨ
Friday, Feb 10, 2023 - 10:34 AM (IST)
ਨਾਗਪੁਰ (ਵਾਰਤਾ)- ਦਿੱਗਜ ਸਪਿਨਰ ਅਤੇ ਆਲਰਾਊਂਡਰ ਰਵੀਚੰਦਰਨ ਅਸ਼ਵਿਨ ਵੀਰਵਾਰ ਨੂੰ ਟੈਸਟ ਕ੍ਰਿਕਟ 'ਚ 450 ਵਿਕਟਾਂ ਲੈਣ ਵਾਲੇ ਸਭ ਤੋਂ ਤੇਜ਼ ਭਾਰਤੀ ਗੇਂਦਬਾਜ਼ ਬਣ ਗਏ ਹਨ। ਅਸ਼ਵਿਨ ਨੇ ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਦਿਨ ਆਸਟ੍ਰੇਲੀਆ ਦੇ ਅਲੈਕਸ ਕੈਰੀ ਨੂੰ ਆਊਟ ਕਰਕੇ ਇਹ ਰਿਕਾਰਡ ਹਾਸਲ ਕੀਤਾ। ਅਸ਼ਵਿਨ ਨੇ ਇਹ ਰਿਕਾਰਡ ਆਪਣੇ 89ਵੇਂ ਟੈਸਟ 'ਚ ਬਣਾਇਆ, ਜਦਕਿ ਉਨ੍ਹਾਂ ਤੋਂ ਪਹਿਲਾਂ ਅਨਿਲ ਕੁੰਬਲੇ ਨੇ 93 ਟੈਸਟ 'ਚ 450 ਵਿਕਟਾਂ ਪੂਰੀਆਂ ਕੀਤੀਆਂ ਸਨ।
ਇਸ ਦੇ ਨਾਲ ਹੀ ਉਹ ਟੈਸਟ ਕ੍ਰਿਕਟ ਵਿੱਚ 450 ਵਿਕਟਾਂ ਲੈਣ ਵਾਲੇ ਦੂਜੇ ਸਭ ਤੋਂ ਤੇਜ਼ ਗੇਂਦਬਾਜ਼ ਵੀ ਬਣ ਗਏ ਹਨ। ਸ਼੍ਰੀਲੰਕਾ ਦੇ ਦਿੱਗਜ ਖਿਡਾਰੀ ਮੁਥੱਈਆ ਮੁਰਲੀਧਰਨ (80 ਟੈਸਟ) ਅੰਤਰਰਾਸ਼ਟਰੀ ਪੱਧਰ 'ਤੇ ਅਜਿਹਾ ਕਰਨ ਵਾਲੇ ਸਭ ਤੋਂ ਤੇਜ਼ ਗੇਂਦਬਾਜ਼ ਹਨ। ਅਸ਼ਵਿਨ ਨੇ ਪਹਿਲੀ ਪਾਰੀ 'ਚ 42 ਦੌੜਾਂ 'ਤੇ ਕੁੱਲ 3 ਵਿਕਟਾਂ ਲਈਆਂ, ਜਦਕਿ ਆਸਟ੍ਰੇਲੀਆਈ ਟੀਮ 177 ਦੌੜਾਂ ਦੇ ਮਾਮੂਲੀ ਸਕੋਰ 'ਤੇ ਸਿਮਟ ਗਈ। ਇਸ ਤੋਂ ਇਲਾਵਾ ਅਸ਼ਵਿਨ ਨੇ 113 ਵਨਡੇ ਮੈਚਾਂ 'ਚ 151 ਵਿਕਟਾਂ ਅਤੇ 65 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 72 ਵਿਕਟਾਂ ਲਈਆਂ ਹਨ।