ਰਵੀ ਸ਼ਾਸਤਰੀ ਮੁੱਖ ਤੇ ਜ਼ਹੀਰ ਖਾਨ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ
Tuesday, Jul 11, 2017 - 10:35 PM (IST)
ਮੁੰਬਈ— ਭਾਰਤੀ ਟੀਮ ਦਾ ਅਗਲਾ ਕੋਚ ਕੌਣ ਹੋਵੇਗਾ, ਇਸ 'ਤੇ ਆਖਰੀ ਫੈਸਲਾ ਹੋ ਗਿਆ ਹੈ। ਰਵੀ ਸ਼ਾਸਤਰੀ ਨੂੰ ਭਾਰਤੀ ਟੀਮ ਦਾ ਨਵਾਂ ਕੋਚ ਚੁਣ ਲਿਆ ਗਿਆ ਹੈ। ਜ਼ਹੀਰ ਖਾਨ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਦਾ ਅਹੁਦਾ ਸੰਭਾਲਣਗੇ ਤੇ ਰਾਹੁਲ ਦ੍ਰਾਵਿੜ ਵਿਦੇਸ਼ੀ ਦੌਰਿਆਂ ਲਈ ਬੱਲੇਬਾਜ਼ੀ ਕੋਚ ਦੀ ਜ਼ਿੰਮੇਵਾਰੀ ਸੰਭਾਲਣਗੇ। ਸੋਮਵਾਰ ਨੂੰ ਸੌਰਵ ਗਾਂਗੁਲੀ, ਵੀ.ਵੀ.ਐਸ. ਲਕਸ਼ਮਣ ਅਤੇ ਸਚਿਨ ਤੇਂਦੁਲਕਰ ਦੀ ਸਲਾਹਕਾਰ ਕਮੇਟੀ ਨੇ 5 ਉਮੀਦਵਾਰਾਂ ਦਾ ਇੰਟਰਵਿਊ ਲਿਆ ਸੀ। ਆਖਰੀ ਮੁਕਾਬਲਾ ਸ਼ਾਸਤਰੀ ਅਤੇ ਸਹਿਵਾਗ ਦੇ ਵਿੱਚ ਮੰਨਿਆ ਜਾ ਰਿਹਾ ਸੀ, ਪਰ ਅੰਤਮ ਮੁਹਰ ਰਵੀ ਸ਼ਾਸਤਰੀ ਦੇ ਨਾਮ ਉੱਤੇ ਲੱਗੀ। ਰਵੀ ਸ਼ਾਸਤਰੀ ਸ਼੍ਰੀਲੰਕਾ ਦੌਰੇ ਤੋਂ ਭਾਰਤੀ ਟੀਮ ਦੇ ਨਾਲ ਰਹਿਣਗੇ। ਉਨ੍ਹਾਂ ਦਾ ਕਾਰਜਕਾਲ ਵਰਲਡ ਕਪ 2019 ਤੱਕ ਹੈ।
ਕਪਤਾਨ ਵਿਰਾਟ ਕੋਹਲੀ ਦੀ ਪਹਿਲੀ ਪਸੰਦ ਰਵੀ ਸ਼ਾਸਤਰੀ ਹੀ ਸਨ। ਸੋਮਵਾਰ ਨੂੰ ਸੌਰਵ ਗਾਂਗੁਲੀ ਨੇ ਕਿਹਾ ਸੀ ਕਿ ਕੋਚ ਲਈ ਪ੍ਰਕਿਰਿਆ ਪੂਰੀ ਹੋ ਗਈ ਹੈ। ਕੋਹਲੀ ਨਾਲ ਗੱਲ ਕਰਕੇ ਕੋਚ ਦਾ ਐਲਾਨ ਕਰ ਦਿੱਤਾ ਜਾਵੇਗਾ। ਖਬਰਾਂ ਸਨ ਕਿ ਕੋਚ ਅਹੁਦੇ ਲਈ ਸਚਿਨ ਤੇਂਦੁਲਕਰ ਰਵੀ ਸ਼ਾਸਤਰੀ ਨੂੰ ਤਵੱਜੋ ਦੇ ਰਹੇ ਹਨ, ਤਾਂ ਉਥੇ ਹੀ ਵਰਿੰਦਰ ਸਹਿਵਾਗ ਦੇ ਨਾਲ ਸੌਰਵ ਗਾਂਗੁਲੀ ਦਾ ਸਪੋਰਟ ਹੈ।
