ਰਾਸ਼ਿਦ ਖ਼ਾਨ ਨੇ ਖ਼ੋਲਿਆ ਵਿਰਾਟ ਕੋਹਲੀ ਦੀ ਬਿਹਤਰੀਨ ਬੱਲੇਬਾਜ਼ੀ ਦਾ ਰਾਜ, ਕਿਹਾ- ਉਨ੍ਹਾਂ ਨੂੰ ਖ਼ੁਦ ’ਤੇ ਭਰੋਸਾ ਹੈ
Monday, Jun 07, 2021 - 08:24 PM (IST)
ਆਬੂ ਧਾਬੀ— ਅਫ਼ਗ਼ਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖ਼ਾਨ ਨੂੰ ਲਗਦਾ ਹੈ ਕਿ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਦੀ ਸਫ਼ਲਤਾ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਭਾਰਤੀ ਕਪਤਾਨ ਕਦੀ ਵੀ ਆਪਣੀ ਪ੍ਰਕਿਰਿਆ ਤੋਂ ਡੋਲਦੇ ਨਹੀਂ ਭਾਵੇਂ ਗੇਂਦਬਾਜ਼ੀ ਦੀ ਗੁਣਵੱਤਾ ਕੁਝ ਵੀ ਹੋਵੇ। ਲੈੱਗ ਸਪਿਨਰ ਨੂੰ ਲਗਦਾ ਹੈ ਕਿ ਕੋਹਲੀ ਦਾ ਮਜ਼ਬੂਤ ਪੱਖ ਇਹ ਹੈ ਕਿ ਉਨ੍ਹਾਂ ਨੂੰ ਆਪਣੀ ਬੱਲੇਬਾਜ਼ੀ ਸਮਰਥਾਵਾਂ ’ਤੇ ਭਰੋਸਾ ਹੈ ਤੇ ਚੰਗੀ ਗੇਂਦਾਂ ਦਾ ਸਨਮਾਨ ਕਰਦੇ ਹਨ ਤੇ ਕਮਜ਼ੋਰ ਗੇਂਦਾਂ ’ਤੇ ਦੌੜਾਂ ਬਣਾਉਂਦੇ ਹਨ।
ਰਾਸ਼ਿਦ ਨੇ ਯੂਟਿਊਬ ’ਤੇ ਕਿਹਾ, ਜੇਕਰ ਤੁਸੀਂ ਚੰਗੀ ਗੇਂਦਬਾਜ਼ੀ ਕਰਦੇ ਹੋ ਤਾਂ ਕੋਈ ਹੋਰ ਬੱਲੇਬਾਜ਼ ਦਬਾਅ ’ਚ ਆ ਜਾਵੇਗਾ। ਉਹ ਅਜਿਹਾ ਸ਼ਾਟ ਖੇਡੇਗਾ ਜੋ ਉਸ ਦੀ ਤਾਕਤ ਨਹੀਂ ਹੈ, ਜਿਵੇਂ ਸਵੀਪ, ਸਲਾਗ ਸਵੀਪ ਜਾਂ ਕੋਈ ਹੋਰ ਸਟ੍ਰੋਕ। ਪਰ ਵਿਰਾਟ ਆਪਣੀ ਪ੍ਰਕਿਰਿਆ ਦੀ ਪਾਲਣਾ ਕਰੇਗਾ। ਉਹ ਆਪਣੇ ਹੀ ਦਿਮਾਗ਼ ਨਾਲ ਖੇਡਦੇ ਹਨ। ਉਨ੍ਹਾਂ ਦੀ ਆਪਣੀ ਸ਼ੈਲੀ ਹੈ ਤੇ ਉਹ ਇਸ ਨਾਲ ਹੀ ਖੇਡਦੇ ਹਨ। ਉਹ ਕੁਝ ਅਲਗ ਨਹੀਂ ਕਰਦੇ। ਮੈਨੂੰ ਲਗਦਾ ਹੈ ਕਿ ਇਹੋ ਕਾਰਨ ਹੈ ਕਿ ਉਹ ਬਹੁਤ ਸਫ਼ਲ ਹਨ। ਉਨ੍ਹਾਂ ’ਚ ਬਹੁਤ ਆਤਮਵਿਸ਼ਵਾਸ ਹੈ। ਕੁਝ ਬੱਲੇਬਾਜ਼ਾਂ ’ਚ ਆਤਮਵਿਸ਼ਵਾਸ ਨਹੀਂ ਹੁੰਦਾ। ਇਸ ਲਈ ਉਹ ਸੰਘਰਸ਼ ਕਰਦੇ ਹਨ।