ਰਣਜੀ ਟਰਾਫੀ : ਦਿੱਲੀ ਸੈਸ਼ਨ ਦੀ ਪਹਿਲੀ ਜਿੱਤ ਦੇ ਕੰਢੇ ''ਤੇ

Saturday, Dec 28, 2019 - 03:17 AM (IST)

ਰਣਜੀ ਟਰਾਫੀ : ਦਿੱਲੀ ਸੈਸ਼ਨ ਦੀ ਪਹਿਲੀ ਜਿੱਤ ਦੇ ਕੰਢੇ ''ਤੇ

ਨਵੀਂ ਦਿੱਲੀ- ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਤੇ ਸਿਮਰਜੀਤ ਸਿੰਘ ਦੇ ਇਕ ਹੋਰ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਿੱਲੀ ਰਣਜੀ ਟਰਾਫੀ ਦੇ ਗਰੁੱਪ-ਏ ਤੇ ਬੀ ਮੁਕਾਬਲੇ ਵਿਚ ਹੈਦਰਾਬਾਦ ਵਿਰੁੱਧ ਜਿੱਤ ਦੇ ਕੰਢੇ 'ਤੇ ਪਹੁੰਚ ਗਈ ਹੈ। ਇੱਥੇ ਅਰੁਣ ਜੇਤਲੀ ਸਟੇਡੀਅਮ ਵਿਚ ਖੇਡੇ ਜਾ ਰਹੇ ਇਸ ਮੁਕਾਬਲੇ ਵਿਚ ਦਿੱਲੀ ਨੂੰ ਜਿੱਤ ਲਈ 84 ਦੌੜਾਂ ਦਾ ਮਾਮੂਲੀ ਟੀਚਾ ਮਿਲਿਆ ਹੈ ਤੇ ਉਸ ਨੇ ਸ਼ੁੱਕਰਵਾਰ ਨੂੰ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਬਿਨਾਂ ਕੋਈ ਵਿਕਟ ਗੁਆਏ 24 ਦੌੜਾਂ ਬਣਾ ਲਈਆਂ ਹੈ। ਪਹਿਲੀ ਪਾਰੀ ਦੇ ਸੈਂਕੜਾਧਾਰੀ ਤੇ ਕਪਤਾਨ ਸ਼ਿਖਰ ਧਵਨ 15 ਦੌੜਾਂ ਬਣਾ ਕੇ ਤੇ ਕਰੁਣਾਲ ਚੰਦੇਲਾ 6 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹੈ। ਦਿੱਲੀ ਨੂੰ ਸਿਰਫ 60 ਦੌੜਾਂ ਦੀ ਲੋੜ ਹੈ ਤੇ ਉਸਦੀਆਂ ਸਾਰੀਆਂ 10 ਵਿਕਟਾਂ ਬਾਕੀ ਹਨ। ਦਿੱਲੀ ਨੇ ਪਹਿਲੀ ਪਾਰੀ ਵਿਚ 284 ਦੌੜਾਂ ਬਣਾਈਆਂ ਸਨ, ਜਦਕਿ ਹੈਦਰਾਬਾਦ ਦੀ ਟੀਮ ਪਹਿਲੀ ਪਾਰੀ ਵਿਚ ਸਿਰਫ 69 ਦੌੜਾਂ 'ਤੇ ਸਿਮਟ ਗਈ ਸੀ ਤੇ ਉਸ ਨੂੰ ਫਾਲੋਆਨ ਕਰਨਾ ਪਿਆ ਸੀ। ਹੈਦਰਾਬਾਦ ਨੇ ਸਵੇਰੇ 2 ਵਿਕਟਾਂ 'ਤੇ 20 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਓਪਨਰ ਤੇ ਕਪਤਾਨ ਤਨਯਮ ਅਗਰਵਾਲ ਦੀ 103 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਪਾਰੀ ਦੀ ਹਾਰ ਦੇ ਖਤਰੇ ਨੂੰ ਟਾਲ ਦਿੱਤਾ।
ਹੈਦਰਾਬਾਦ ਦੀ ਟੀਮ ਨੇ ਦੂਜੀ ਪਾਰੀ ਵਿਚ 298 ਦੌੜਾਂ ਬਣਾਈਆਂ। ਤਨਯਮ ਨੇ 154 ਗੇਂਦਾਂ 'ਤੇ 13 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 103 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹੈਦਰਾਬਾਦ ਨੇ ਆਪਣੀਆਂ 6 ਵਿਕਟਾਂ 97 ਦੌੜਾਂ 'ਤੇ ਗੁਆ ਦਿੱਤੀਆਂ ਸਨ ਪਰ ਤਨਯਮ ਨੇ ਤਨਯ ਤਿਆਗਰਾਜਨ (34) ਨਾਲ ਸੱਤਵੀਂ ਵਿਕਟ ਲਈ 93 ਦੌੜਾਂ ਤੇ ਮੇਹਦੀ ਹਸਨ (ਅਜੇਤੂ 71) ਨਾਲ 8ਵੀਂ ਵਿਕਟ ਲਈ 60 ਦੌੜਾਂ ਜੋੜ ਕੇ ਟੀਮ ਨੂੰ ਪਾਰੀ ਦੀ ਹਾਰ ਤੋਂ ਬਚਾਅ ਲਿਆ। ਤਿਆਗਰਾਜਨ ਨੇ 70 ਗੇਂਦਾਂ 'ਤੇ 34 ਦੌੜਾਂ ਵਿਚ 6 ਚੌਕੇ ਲਾਏ, ਜਦਕਿ ਮੇਹਦੀ ਹਸਨ ਧਮਾਕੇਦਾਰ ਬੱਲੇਬਾਜ਼ੀ ਕਰਦਾ ਹੋਇਆ 62 ਗੇਂਦਾਂ ਵਿਚ 7 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 71 ਦੌੜਾਂ ਬਣਾ ਕੇ ਅਜੇਤੂ ਪੈਵੇਲੀਅਨ ਪਰਤਿਆ। ਆਖਰੀ ਦੋ ਬੱਲੇਬਾਜ਼ਾਂ ਰਵੀ ਕਿਰਨ ਨੇ 12 ਤੇ ਮੁਹੰਮਦ ਸਿਰਾਜ ਨੇ 10 ਦੌੜਾਂ ਬਣਾਈਆਂ। ਪਹਿਲੀ ਪਾਰੀ ਵਿਚ 19 ਦੌੜਾਂ 'ਤੇ 4 ਵਿਕਟਾਂ ਲੈਣ ਵਾਲੇ ਇਸ਼ਾਂਤ ਨੇ ਦੂਜੀ ਪਾਰੀ ਵਿਚ 89  ਦੌੜਾਂ 'ਤੇ 4 ਵਿਕਟਾਂ ਲਈਆਂ, ਜਦਕਿ ਪਹਿਲੀ ਪਾਰੀ ਵਿਚ 23 ਦੌੜਾਂ 'ਤੇ 4 ਵਿਕਟਾਂ ਲੈਣ ਵਾਲੇ ਸਿਮਰਜੀਤ ਨੇ ਦੂਜੀ ਪਾਰੀ ਵਿਚ 80 ਦੌੜਾਂ 'ਤੇ 3 ਵਿਕਟਾਂ ਲਈਆਂ। ਕੁੰਵਰ ਵਿਧੂੜੀ ਨੇ 48 ਦੌੜਾਂ 'ਤੇ 2 ਵਿਕਟਾਂ ਲਈਆਂ।
ਪੰਜਾਬ ਤੇ ਵਿਦਰਭ ਵਿਚਾਲੇ ਮੈਚ ਡਰਾਅ ਵਲ ਵਧਿਆ
ਓਧਰ ਪੰਜਾਬ ਨੇ ਵਿਦਰਭ ਵਿਰੁੱਧ ਨਾਗਪੁਰ ਵਿਚ ਚੰਗੀ ਸ਼ੁਰੂਆਤ ਕਰਕੇ ਡਰਾਅ ਵੱਲ ਵਧ ਰਹੇ ਮੈਚ ਵਿਚ ਪਹਿਲੀ ਪਾਰੀ ਵਿਚ ਬੜ੍ਹਤ ਦੀ ਉਮੀਦ ਜਗ੍ਹਾ ਦਿੱਤੀ ਹੈ। ਵਿਦਰਭ ਦੀ ਟੀਮ ਨੇ ਗਣੇਸ਼ ਸਤੀਸ਼ ਦੀਆਂ 145 ਦੌੜਾਂ ਦੀ ਮਦਦ ਨਾਲ ਆਪਣੀ ਪਹਿਲੀ ਪਾਰੀ ਵਿਚ 338 ਦੌੜਾਂ ਬਣਾਈਆਂ। ਇਸਦੇ ਜਵਾਬ ਵਿਚ ਪੰਜਾਬ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਬਿਨਾਂ ਕਿਸੇ ਨੁਕਸਾਨ ਦੇ 132 ਦੌੜਾਂ ਬਣਾਈਆਂ ਹਨ ਤੇ ਉਹ ਵਿਦਰਭ ਤੋਂ ਅਜੇ 206 ਦੌੜਾਂ ਪਿੱਛੇ ਹੈ। ਸ਼ੁਭਮਨ ਗਿੱਲ (ਅਜੇਤੂ 70) ਨੇ ਸ਼ਾਨਦਾਰ ਪਾਰੀ ਖੇਡੀ, ਜਦਕਿ ਉਸਦੇ ਨਾਲ ਸਨਵੀਰ ਸਿੰਘ 56 ਦੌੜਾਂ ਬਣਾ ਕੇ ਖੇਡ ਰਿਹਾ ਹੈ।


author

Gurdeep Singh

Content Editor

Related News