ਰਾਮ ਬਾਬੂ ਅਤੇ ਮੰਜੂ ਰਾਣੀ ਨੇ 35 ਕਿਲੋਮੀਟਰ ਪੈਦਲ ਚਾਲ ਚੈਂਪੀਅਨਸ਼ਿਪ ''ਚ ਰਾਸ਼ਟਰੀ ਰਿਕਾਰਡ ਬਣਾਇਆ

02/15/2023 6:49:13 PM

ਰਾਂਚੀ— ਰਾਮ ਬਾਬੂ ਅਤੇ ਮੰਜੂ ਰਾਣੀ ਨੇ ਬੁੱਧਵਾਰ ਨੂੰ ਇੱਥੇ ਪੈਦਲ ਚਾਲ ਚੈਂਪੀਅਨਸ਼ਿਪ ਦੇ ਆਖਰੀ ਦਿਨ ਕ੍ਰਮਵਾਰ ਪੁਰਸ਼ ਅਤੇ ਮਹਿਲਾ ਦੇ 35 ਕਿਲੋਮੀਟਰ ਮੁਕਾਬਲੇ 'ਚ ਰਾਸ਼ਟਰੀ ਰਿਕਾਰਡ ਕਾਇਮ ਕਰਨ ਦੇ ਨਾਲ ਸੋਨ ਤਗਮਾ ਜਿੱਤਿਆ। ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀ 23 ਸਾਲਾ ਮੰਜੂ ਨੇ 35 ਕਿਲੋਮੀਟਰ ਦੀ ਪੈਦਲ ਚਾਲ ਰੇਸ ਨੂੰ ਤਿੰਨ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਪੂਰੀ ਕੀਤੀ।

ਉਸ ਨੇ ਦੋ ਘੰਟੇ 57 ਮਿੰਟ 54 ਸਕਿੰਟ ਦੇ ਸਮੇਂ ਨਾਲ ਜਿੱਤ ਦਰਜ ਕੀਤੀ। ਇਸ ਦੌਰਾਨ ਉਸ ਨੇ ਰਮਨਦੀਪ ਕੌਰ ਵੱਲੋਂ ਪਿਛਲੇ ਸਾਲ ਬਣਾਏ ਤਿੰਨ ਘੰਟੇ ਚਾਰ ਸੈਕਿੰਡ ਦੇ ਕੌਮੀ ਰਿਕਾਰਡ ਨੂੰ ਤੋੜਿਆ। ਉੱਤਰ ਪ੍ਰਦੇਸ਼ ਦੇ ਰਾਮ ਬਾਬੂ ਨੇ 2 ਘੰਟੇ 36 ਮਿੰਟ ਤੇ 44 ਸਕਿੰਟ ਦੇ ਸਮੇਂ ਨਾਲ ਪਿਛਲੇ ਰਾਸ਼ਟਰੀ ਰਿਕਾਰਡ ਵਿੱਚ ਲਗਭਗ ਪੰਜ ਮਿੰਟ ਦਾ ਸੁਧਾਰ ਕੀਤਾ। 

ਇਹ ਵੀ ਪੜ੍ਹੋ : ICC ਰੈਂਕਿੰਗ : ਭਾਰਤ ਨੇ ਰਚਿਆ ਇਤਿਹਾਸ, ਸਾਰੇ ਫਾਰਮੈਟਾਂ 'ਚ ਬਣਿਆ ਵਰਲਡ ਨੰਬਰ-1

ਪਿਛਲਾ ਰਾਸ਼ਟਰੀ ਰਿਕਾਰਡ ਦੋ ਘੰਟੇ 32 ਮਿੰਟ ਤੇ 36 ਸਕਿੰਟ ਦਾ ਸੀ। ਹਾਲਾਂਕਿ ਇਹ ਦੋਵੇਂ ਖਿਡਾਰੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ 'ਚ ਅਸਫਲ ਰਹੇ। ਇਸ ਦੇ ਲਈ ਪੁਰਸ਼ ਵਰਗ ਵਿੱਚ ਦੋ ਘੰਟੇ 29 ਮਿੰਟ 40 ਸੈਕਿੰਡ ਦਾ ਕੁਆਲੀਫਾਇੰਗ ਸਮਾਂ ਰੱਖਿਆ ਗਿਆ ਹੈ ਜਦੋਂਕਿ ਔਰਤਾਂ ਦੇ ਵਰਗ ਵਿੱਚ ਦੋ ਘੰਟੇ 51 ਮਿੰਟ 30 ਸੈਕਿੰਡ ਰੱਖਿਆ ਗਿਆ ਹੈ।

ਟੋਕੀਓ ਓਲੰਪਿਕ ਤੋਂ ਬਾਅਦ 50 ਕਿਲੋਮੀਟਰ ਦੀ ਪੈਦਲ ਚਾਲ ਨੂੰ ਰੱਦ ਕਰਨ ਦੇ ਵਿਸ਼ਵ ਅਥਲੈਟਿਕਸ ਦੇ ਫੈਸਲੇ ਦੇ ਬਾਅਦ 2021 ਵਿੱਚ ਭਾਰਤ ਵਿੱਚ 35 ਕਿਲੋਮੀਟਰ ਦੇ ਮੁਕਾਬਲੇ ਦਾ ਨਵਾਂ ਆਯੋਜਨ ਹੈ। ਔਰਤਾਂ ਵਿੱਚ ਉੱਤਰਾਖੰਡ ਦੀ ਪਾਇਲ ਦੂਜੇ ਸਥਾਨ ’ਤੇ ਰਹੀ ਜਦਕਿ ਉੱਤਰ ਪ੍ਰਦੇਸ਼ ਦੀ ਵੰਦਨਾ ਪਟੇਲ ਤੀਜੇ ਸਥਾਨ ’ਤੇ ਰਹੀ। ਪੁਰਸ਼ ਵਰਗ ਵਿੱਚ ਹਰਿਆਣਾ ਦੇ ਸਾਬਕਾ ਚੈਂਪੀਅਨ ਜੁਨੈਦ ਖਾਂਡ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਜਦੋਂਕਿ ਅਨੁਭਵੀ ਚੰਦਨ ਸਿੰਘ (ਉਤਰਾਖੰਡ) ਨੇ ਕਾਂਸੀ ਦਾ ਤਗ਼ਮਾ ਜਿੱਤਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News