DC vs RR : ਰਾਜਸਥਾਨ ਰਾਇਲਜ਼ ਨੇ ਦਿੱਲੀ ਨੂੰ 15 ਦੌੜਾਂ ਨਾਲ ਹਰਾਇਆ

04/22/2022 11:37:04 PM

ਸਪੋਰਟਸ ਡੈਸਕ- ਜ਼ਬਰਦਸਤ ਫਾਰਮ ਵਿਚ ਚੱਲ ਰਹੇ ਜੋਸ ਬਟਲਰ (119) ਦੇ ਸ਼ਾਨਦਾਰ ਸੈਂਕੜੇ  ਤੋਂ ਬਾਅਦ ਪ੍ਰਸਿੱਧ ਕ੍ਰਿਸ਼ਣਾ (22 ਦੌੜਾਂ ’ਤੇ 3 ਵਿਕਟਾਂ) ਦੀ ਗੇਂਦਬਾਜ਼ੀ ਦੀ ਮਦਦ ਨਾਲ ਰਾਜਸਥਾਨ ਰਾਇਲਜ਼ ਨੇ ਸ਼ੁੱਕਰਵਾਰ ਨੂੰ ਇੱਥੇ ਆਈ. ਪੀ. ਐੱਲ.-2022 ਦੇ ਰੋਮਾਂਚਕ ਕ੍ਰਿਕਟ ਮੈਚ ਵਿਚ ਦਿੱਲੀ ਕੈਪੀਟਲਸ ਨੂੰ 15 ਦੌੜਾਂ ਨਾਲ ਹਰਾ ਕੇ ਪੰਜਵੀਂ ਜਿੱਤ ਦਰਜ ਕੀਤੀ, ਜਿਸ ਨਾਲ ਟੀਮ ਅੰਕ ਸੂਚੀ ਵਿਚ ਚੋਟੀ ’ਤੇ ਪਹੁੰਚ ਗਈ। ਆਈ. ਪੀ. ਐੱਲ. 2022 ਵਿਚ ਬਟਲਰ ਦੇ ਤੀਜੇ ਸੈਂਕੜੇ ਤੇ ਸਾਥੀ ਸਲਾਮੀ ਬੱਲੇਬਾਜ਼ ਦੇਵਦੱਤ ਪੱਡੀਕਲ (54) ਨਾਲ ਪਹਿਲੀ ਵਿਕਟ ਲਈ 155 ਦੌੜਾਂ ਦੀ ਸਾਂਝੇਦਾਰੀ ਨਾਲ ਰਾਜਸਥਾਨ ਰਾਇਲਜ਼ ਨੇ  2 ਵਿਕਟਾਂ ’ਤੇ 222 ਦੌੜਾਂ ਦਾ ਵੱਡਾ ਸਕੋਰ ਬਣਾਇਆ।  ਇਹ ਆਈ. ਪੀ. ਐੱਲ. 2022 ਸੈਸ਼ਨ ਦਾ ਸਭ ਤੋਂ ਵੱਡਾ ਸਕੋਰ ਵੀ ਹੈ, ਜਿਸ ਵਿਚ 168 ਦੌੜਾਂ ਬਾਊਂਡਰੀ (14 ਛੱਕੇ, 21 ਚੌਕੇ) ਤੋਂ ਬਣੀਆਂ। 

ਇਹ ਵੀ ਪੜ੍ਹੋ : IPL 2022 : ਧੋਨੀ ਦੇ ਸਾਹਮਣੇ ਨਤਮਸਤਕ ਹੋਏ ਜਡੇਜਾ, ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ

ਬਟਲਰ ਨੇ ਸ਼ਾਨਦਾਰ ਲੈਅ ਜਾਰੀ ਰੱਖਦੇ ਹੋਏ ਲਗਾਤਾਰ ਦੂਜੇ ਸੈਂਕੜੇ ਲਈ 65 ਗੇਂਦਾਂ ਦਾ ਸਾਹਮਣਾ ਕਰਦੇ ਹੋਏ 9 ਚੌਕੇ ਤੇ 9 ਛੱਕੇ ਲਾਏ। ਪੱਡੀਕਲ ਵੀ ਆਪਣੀ ਸਾਂਝੇਦਾਰੀ ਤੋਂ ਉਤਸ਼ਾਹਿਤ ਹੋ ਕੇ ਇਸ ਵਾਰ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਬਦਲ ਕੇ ਇਸ ਸੈਸ਼ਨ ਵਿਚ ਪਹਿਲਾ ਅਰਧ ਸੈਂਕੜਾ ਲਾਉਣ ਵਿਚ ਕਾਮਯਾਬ ਰਿਹਾ।  ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਦੀ ਰਣਨੀਤੀ ਅਸਫਲ ਕਰ ਦਿੱਤੀ, ਜਿਸ ਨੇ ਪਿਛਲੇ ਮੈਚ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਪਿਨ ਗੇਂਦਬਾਜ਼ਾਂ ਨੂੰ ਬਦਲ-ਬਦਲ ਕੇ ਇਸਤੇਮਾਲ ਕੀਤਾ ਪਰ ਇਨ੍ਹਾਂ ਦੇ ਅੱਗੇ ਕੋਈ ਵੀ ਤਰਕੀਬ ਕੰਮ ਨਹੀਂ ਆਈ।  
ਬਟਲਰ ਤੇ ਪੱਡੀਕਲ ਨੇ ਇਸ ਸੈਸ਼ਨ ਦੀ ਪਹਿਲੀ ਵਿਕਟ ਲਈ ਪਹਿਲੀ ਸੈਂਕੜੇ ਵਾਲੀ ਸਾਂਝੇਦਾਰੀ ਵੀ ਕੀਤੀ। ਰਾਜਸਥਾਨ ਲਈ ਵੀ ਇਹ 2015 ਤੋਂ ਬਾਅਦ ਸਲਾਮੀ ਜੋੜੀ ਦੀ ਪਹਿਲੀ ਸੈਂਕੜੇ ਵਾਲੀ ਸਾਂਝੇਦਾਰੀ ਰਹੀ।

 ਦਿੱਲੀ ਕੈਪੀਟਲਸ ਲਈ ਖਲੀਲ ਅਹਿਮਦ ਨੇ ਪੱਡੀਕਲ ਤੇ ਮੁਸਤਾਫਿਜ਼ੁਰ ਰਹਿਮਾਨ ਨੇ ਬਟਲਰ ਦੀ ਵਿਕਟ ਲਈ। ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ 19 ਗੇਂਦਾਂ ਵਿਚ 5 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 46 ਦੌੜਾਂ ਦਾ ਯੋਗਦਾਨ ਦਿੱਤਾ। ਉਸ ਨੇ ਬਟਲਰ ਦਾ ਚੰਗਾ ਸਾਥ ਨਿਭਾਇਆ, ਜਿਸ ਨਾਲ ਦੂਜੀ ਵਿਕਟ ਲਈ 47 ਦੌੜਾਂ ਦੀ ਸਾਂਝੇਦਾਰੀ ਬਣੀ। ਸ਼ਾਰਦੁਲ ਠਾਕੁਰ ਨੇ ਤਿੰਨ ਓਵਰਾਂ ਵਿਚ ਇਕ ਮੇਡਨ ਨਾਲ 9 ਦੌੜਾਂ ਦਿੱਤੀਆਂ ਸਨ ਪਰ ਦਿਲਚਸਪ ਰਿਹਾ ਕਿ ਪੰਤ ਨੇ ਉਸ ਨੂੰ ਸ਼ੁਰੂ ਵਿਚ ਦੋ ਓਵਰ ਦੇਣ ਤੋਂ ਬਾਅਦ ਵਿਚਾਲੇ ਵਿਚ ਗੇਂਦਬਾਜ਼ੀ ਨਹੀਂ ਕਰਵਾਈ ਤੇ ਫਿਰ ਆਖਰੀ ਓਵਰ ਵਿਚ ਗੇਂਦਬਾਜ਼ੀ ਲਈ ਸੱਦਿਆ। ਇਸ ਵੱਡੇ ਸਕੋਰ ਦਾ ਪਿੱਛਾ ਕਰਨ ਉਤਰੀ ਦਿੱਲੀ ਕੈਪੀਟਲਸ 20 ਓਵਰਾਂ ਵਿਚ 8 ਵਿਕਟਾਂ ’ਤੇ 207 ਦੌੜਾਂ ਹੀ ਬਣਾ ਸਕੀ, ਜਿਸਦੇ ਲਈ ਰਿਸ਼ਭ ਪੰਤ ਨੇ 44, ਪ੍ਰਿਥਵੀ ਸ਼ਾਹ ਤੇ ਲਲਿਤ ਯਾਦਵ ਨੇ 37-37 ਦੌੜਾਂ, ਰੋਵਮੈਨ ਪਾਵੈੱਲ ਨੇ 36 ਤੇ ਡੇਵਿਡ ਵਾਰਨਰ 28 ਦੌੜਾਂ ਬਣਾ ਕੇ ਮੈਚ ਨੂੰ ਨੇੜੇ ਲੈ ਗਏ। ਪ੍ਰਸਿੱਧ ਕ੍ਰਿਸ਼ਣਾ ਨੇ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ ਰਾਜਸਥਾਨ ਰਾਇਲਜ਼ ਨੂੰ ਲੋੜ ਦੇ ਸਮੇਂ ਟੀਮ ਨੂੰ ਵਿਕਟਾਂ ਦਿਵਾਈਆਂ। 

ਹੈੱਡ ਟੂ ਹੈੱਡ
ਦਿੱਲੀ ਤੇ ਰਾਜਸਥਾਨ ਦਰਮਿਆਨ ਖੇਡੇ ਗਏ 24 ਮੈਚਾਂ 'ਚੋਂ 12 ਵਾਰ ਦਿੱਲੀ ਤੇ 12 ਵਾਰ ਹੀ ਰਾਜਸਥਾਨ ਰਾਇਲਜ਼ ਨੇ ਜਿੱਤ ਦਰਜ ਕੀਤੀ ਹੈ।

ਇਹ ਵੀ ਪੜ੍ਹੋ : ਖੇਲੋ ਇੰਡੀਆ ਯੂਨੀਵਰਸਿਟੀ ਰਾਹੀਂ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰਨ 'ਚ ਮਦਦ ਮਿਲੇਗੀ : ਠਾਕੁਰ

ਟੀਮਾਂ :-

ਰਾਜਸਥਾਨ ਰਾਇਲਜ਼ : ਜੋਸ ਬਟਲਰ, ਦੇਵਦੱਤ ਪਡੀਕੱਲ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਸ਼ਿਮਰੋਨ ਹੇਟਮਾਇਰ, ਕਰੁਣ ਨਾਇਰ, ਰੀਆਨ ਪਰਾਗ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਪ੍ਰਸਿਧ ਕ੍ਰਿਸ਼ਨਾ, ਓਬੇਦ ਮੈਕਕੋਏ, ਯੁਜਵੇਂਦਰ ਚਾਹਲ

ਦਿੱਲੀ ਕੈਪੀਟਲਜ਼ : ਪ੍ਰਿਥਵੀ ਸ਼ਾਹ, ਡੇਵਿਡ ਵਾਰਨਰ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਰੋਵਮੈਨ ਪਾਵੇਲ, ਸਰਫਰਾਜ਼ ਖਾਨ, ਲਲਿਤ ਯਾਦਵ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਸਤਫਿਜ਼ੁਰ ਰਹਿਮਾਨ, ਖਲੀਲ ਅਹਿਮਦ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News