ਹਾਰ ਤੋਂ ਬਾਅਦ KL ਰਾਹੁਲ ਨੂੰ ਲੱਗਾ ਇਕ ਹੋਰ ਝਟਕਾ, ਲੱਗਾ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ
Wednesday, Apr 20, 2022 - 12:31 PM (IST)

ਨਵੀਂ ਮੁੰਬਈ (ਏਜੰਸੀ)- ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇ.ਐੱਲ. ਰਾਹੁਲ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਖ਼ਿਲਾਫ਼ ਮੈਚ ਦੌਰਾਨ ਕੋਡ ਆਫ ਕੰਡਕਚ ਦੀ ਉਲੰਘਣਾ ਕਰਨ ਲਈ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ।
ਆਈ.ਪੀ.ਐੱਲ. ਨੇ ਇੱਕ ਰੀਲੀਜ਼ ਵਿੱਚ ਕਿਹਾ ਕਿ ਰਾਹੁਲ ਨੇ ਆਈ.ਪੀ.ਐੱਲ. ਕੋਡ ਆਫ ਕੰਡਕਟ ਦੇ "ਲੈਵਲ ਵਨ ਅਪਰਾਧ" ਨੂੰ ਸਵੀਕਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਜੁਰਮਾਨਾ ਮਨਜ਼ੂਰ ਹੈ। ਰਾਹੁਲ ਦੇ ਸਾਥੀ ਮਾਰਕਸ ਸਟੋਇਨਿਸ ਨੂੰ ਵੀ ਇਸੇ ਮੈਚ ਦੌਰਾਨ ਆਈ.ਪੀ.ਐੱਲ. ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਤਾੜਨਾ ਕੀਤੀ ਗਈ ਹੈ। ਆਰ.ਸੀ.ਬੀ. ਨੇ ਮੰਗਲਵਾਰ ਰਾਤ ਨੂੰ ਖੇਡਿਆ ਗਿਆ ਮੈਚ 18 ਦੌੜਾਂ ਨਾਲ ਜਿੱਤ ਲਿਆ।
ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਦੋਵਾਂ ਖਿਡਾਰੀਆਂ ਨੇ ਕੋਡ ਆਫ ਕੰਡਕਟ ਦੀ ਕਿਹੜੀ ਉਲੰਘਣਾ ਕੀਤੀ ਹੈ। ਜੋਸ਼ ਹੇਜ਼ਲਵੁੱਡ ਦੇ ਇੱਕ ਓਵਰ ਦੌਰਾਨ ਸਟੋਇਨਿਸ ਨੂੰ ਮੈਦਾਨੀ ਅੰਪਾਇਰ ਨਾਲ ਬਹਿਸ ਕਰਦੇ ਦੇਖਿਆ ਗਿਆ ਸੀ। ਬਿਆਨ 'ਚ ਕਿਹਾ ਗਿਆ ਹੈ, 'ਸਟੋਨਿਸ ਨੇ ਆਈ.ਪੀ.ਐੱਲ. ਕੋਡ ਆਫ ਕੰਡਕਟ ਦੇ 'ਲੈਵਲ ਵਨ ਅਪਰਾਧ' ਨੂੰ ਸਵੀਕਾਰ ਕੀਤਾ ਹੈ।' ਕੋਡ ਆਫ ਕੰਡਕਟ ਦੇ ਲੈਵਲ 1 ਦੀ ਉਲੰਘਣਾ ਲਈ ਮੈਚ ਰੈਫਰੀ ਦਾ ਫ਼ੈਸਲਾ ਅੰਤਿਮ ਹੁੰਦਾ ਹੈ।