ਰਾਫੇਲ ਨਡਾਲ ਨੇ ਵਿੰਬਲਡਨ 2022 ਤੋਂ ਨਾਂ ਲਿਆ ਵਾਪਸ, ਜਾਣੋ ਵਜ੍ਹਾ

Friday, Jul 08, 2022 - 05:43 PM (IST)

ਰਾਫੇਲ ਨਡਾਲ ਨੇ ਵਿੰਬਲਡਨ 2022 ਤੋਂ ਨਾਂ ਲਿਆ ਵਾਪਸ, ਜਾਣੋ ਵਜ੍ਹਾ

ਸਪੋਰਟਸ ਡੈਸਕ- 22 ਵਾਰ ਦੇ ਗ੍ਰੈਂਡ ਸਲੈਮ ਜੇਤੂ ਰਾਫੇਲ ਨਡਾਲ ਨੇ ਸੈਮੀਫਾਈਨਲ ਤੋਂ ਪਹਿਲਾਂ ਵਿੰਬਲਡਨ ਤੋਂ ਨਾਂ ਵਾਪਸ ਲੈ ਲਿਆ ਹੈ। ਨਡਾਲ ਨੇ ਆਲ ਇੰਗਲੈਂਡ ਲਾਨ ਟੈਨਿਸ ਕਲੱਬ 'ਚ ਆਯੋਜਿਤ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਮੇਰੇ ਢਿੱਡ 'ਚ ਦਰਦ ਹੋ ਰਿਹਾ ਹੈ। ਇਕ ਮਾਸਪੇਸ਼ੀ ਵੀ ਫੱਟ ਗਈ ਹੈ। 

ਮੈਂ (ਨਾਂ ਵਾਪਸ ਲੈਣ ਦਾ) ਫ਼ੈਸਲਾ ਕੀਤਾ ਹੈ ਕਿਉਂਕਿ ਮੈਨੂੰ ਵਿਸ਼ਵਾਸ ਨਹੀਂ ਹੈ ਕਿ ਮੈਂ ਇਨ੍ਹਾਂ ਹਾਲਾਤ 'ਚ ਦੋ ਮੈਚ ਜਿੱਤ ਸਕਦਾ ਹਾਂ। ਟੇਲਰ ਫ੍ਰਿਟਜ਼ ਦੇ ਖ਼ਿਲਾਫ਼ ਪੰਜ ਸੈੱਟ ਦੀ ਕੁਆਰਟਰ ਫਾਈਨਲ 'ਚ ਜਿੱਤ ਦੇ ਦੌਰਾਨ ਨਡਾਲ ਸੱਟ ਨਾਲ ਜੂਝ ਰਹੇ ਸਨ, ਹਾਲਾਂਕਿ ਮੈਚ ਦੇ ਬਾਅਦ ਉਨ੍ਹਾਂ ਨੇ ਕਿਹਾ ਕਿ ਸਮੱਸਿਆ ਕੁਝ ਦਿਨ ਪਹਿਲਾਂ ਸ਼ੁਰੂ ਹੋਈ ਸੀ।

ਆਪਣੇ ਪਿਤਾ ਤੇ ਭੈਣ ਦੇ ਉਸ ਮੈਚ 'ਚ ਛੇਤੀ ਸੰਨਿਆਸ ਲੈਣ ਦੀ ਬੇਨਤੀ ਕਰਨ ਦੇ ਬਾਵਜੂਦ, ਨਡਾਲ 4 ਘੰਟੇ 20 ਮਿੰਟ ਤਕ ਚਲੇ ਮੁਕਾਬਲੇ 'ਚ 3-6, 7-5, 3-6, 7-5, 7-6 (10-4) ਨਾਲ ਜਿੱਤ ਦਰਜ ਕਰਨ 'ਚ ਸਫਲ ਰਹੇ। ਨਡਾਲ ਨੇ ਕਿਹਾ ਕਿ ਮੈਂ ਸਹੀ ਰਫਤਾਰ ਨਾਲ ਸਰਵ ਕਰਨ 'ਚ ਅਸਮਰਥ ਹਾਂ, ਮੈਂ ਸਰਵ ਕਰਨ ਲਈ ਸਹੀ ਢੰਗ ਨਾਲ ਹਿਲ ਵੀ ਨਹੀਂ ਸਕਦਾ। ਮੈਂ ਸੈਮੀਫਾਈਨਲ 'ਚ ਇਸ ਤਰ੍ਹਾਂ ਨਹੀਂ ਜਾਣਾ ਚਾਹੁੰਦਾ ਕਿ ਠੀਕ ਢੰਗ ਨਾਲ ਮੁਕਾਬਲਾ ਵੀ ਨਾ ਕਰ ਸਕਾਂ। 


author

Tarsem Singh

Content Editor

Related News