ਨਡਾਲ ਅਮਰੀਕੀ ਓਪਨ ਤੋਂ ਬਾਹਰ, ਪੈਰ ਦੀ ਸੱਟ ਤੋਂ ਉਭਰਨ ਲਈ ਪੂਰੇ ਸੈਸ਼ਨ ’ਚ ਨਹੀ ਖੇਡਣਗੇ

08/20/2021 7:22:18 PM

ਮੈਡਿ੍ਰਡ— ਸਾਬਕਾ ਨੰਬਰ ਇਕ ਟੈਨਿਸ ਸਟਾਰ ਰਾਫੇਲ ਨਡਾਲ ਨੇ ਸ਼ੁੱਕਰਵਾਰ ਨੂੰ ਅਮਰੀਕੀ ਓਪਨ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ ਤੇ ਕਿਹਾ ਕਿ ਉਹ ਪੈਰ ਦੀ ਸੱਟ ਕਾਰਨ ਇਸ ਸਾਲ ਟੈਨਿਸ ਨਹੀਂ ਖੇਡਣਗੇ। ਫ੍ਰੈਂਚ ਓਪਨ ਟੈਨਿਸ ਗ੍ਰੈਂਡਸਲੈਮ ਦੇ ਸੈਮੀਫ਼ਾਈਨਲ ’ਚ ਨੋਵਾਕ ਜੋਕੋਵਿਚ ਤੋਂ ਹਾਰ ਕੇ ਬਾਹਰ ਹੋਣ ਦੇ ਬਾਅਦ ਸਪੇਨ ਦੇ ਇਸ ਧਾਕੜ ਨੇ ਥਕਾਨ ਕਾਰਨ ਵਿੰਬਲਡਨ ਤੇ ਟੋਕੀਓ ਓਲੰਪਿਕ ਦੋਵਾਂ ਤੋਂ ਹਟਣ ਦਾ ਫ਼ੈਸਲਾ ਕੀਤਾ ਸੀ। 

ਨਡਾਲ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਕਰਦੇ ਹੋਏ ਕਿਹਾ, ‘‘ਇਹ ਐਲਾਨ ਕਰਦੇ ਸਮੇਂ ਮੈਨੂੰ ਬਹੁਤ ਦੁਖ ਹੋ ਰਿਹਾ ਹੈ ਕਿ ਮੈਂ 2021 ਸੈਸ਼ਨ ਦੇ ਦੌਰਾਨ ਟੈਨਿਸ ਨਹੀਂ ਖੇਡ ਸਕਾਂਗਾ।’’ ਉਨ੍ਹਾਂ ਕਿਹਾ, ‘‘ਪਰ ਜਿਵੇਂ ਕਿ ਤੁਸੀਂ ਜਾਣਦੇ ਹੋ, ਮੈਂ ਆਪਣੇ ਪੈਰ ਦੀ ਵਜ੍ਹਾ ਨਾਲ ਪਿਛਲੇ ਸੈਸ਼ਨ ਤੋਂ ਅਜੇ ਤਕ ਕਾਫ਼ੀ ਪਰੇਸ਼ਾਨ ਹਾਂ ਜਿਸ ਕਾਰਨ ਮੈਂ ਕਈ ਮਹੱਤਵਪੂਰਨ ਟੂਰਨਾਮੈਂਟਸ ’ਚ ਹਿੱਸਾ ਨਹੀਂ ਲਿਆ।’’

35 ਸਾਲਾ ਨਡਾਲ ਨੇ ਕਿਹਾ, ‘‘ਪਿਛਲੇ ਸਾਲ ਮੈਂ ਅਭਿਆਸ ਨਹੀਂ ਕਰ ਸਕਿਆ ਜਿਸ ਦੀ ਮੁਕਾਬਲੇ ਲਈ ਮੈਨੂੰ ਜ਼ਰੂਰਤ ਸੀ ਤੇ ਮੈਂ ਇਹ ਚਾਹੁੰਦਾ ਸੀ।’’ ਉਨ੍ਹਾਂ ਕਿਹਾ, ‘‘ਇਹ ਸੱਟ ਨਵੀਂ ਨਹੀਂ ਹੈ। ਇਹ ਉਹ ਹੀ ਸੱਟ ਹੈ ਜੋ 2005 ਤੋਂ ਚਲੀ ਆ ਰਹੀ ਹੈ। ਉਸ ਸਮੇਂ ਡਾਕਟਰ ਮੇਰੇ ਕਰੀਅਰ ਦੇ ਭਵਿੱਖ ਬਾਰੇ ’ਚ ਕਾਫ਼ੀ ਨਾਂ-ਪੱਖੀ ਸਨ ਪਰ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਅਜਿਹਾ ਕਰੀਅਰ ਬਣਾਉਣ ’ਚ ਸਫਲ ਰਿਹਾ ਜਿਸ ਬਾਰੇ ਮੈਂ ਸੁਫ਼ਨਾ ਵੀ ਦੇਖ ਨਹੀਂ ਸਕਦਾ ਸੀ। ਇਸ ਲਈ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਫਿਰ ਤੋਂ ਸੱਟ ਤੋਂ ਉਭਰ ਜਾਵਾਂਗਾ।’’ 

ਨਡਾਲ ਨੇ ਕਿਹਾ ਕਿ ਉਹ ਹਰੇਕ ਦਿਨ ਸੱਟ ਨਾਲ ਲੜਨਗੇ ਕਿਉਂਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੇ ਕਰੀਅਰ ’ਚ ਅਜੇ ‘ਦੋ ਖ਼ੂਬਸੂਰਤ ਸਾਲ’ ਬਚੇ ਹਨ। ਨਡਾਲ ਨੇ ਆਪਣੇ ਕਰੀਅਰ ’ਚ 20 ਗ੍ਰੈਂਡ ਸਲੈਮ ਖ਼ਿਤਾਬ ਜਿੱਤੇ ਹਨ ਜਿਸ ਨਾਲ ਉਹ ਜੋਕੋਵਿਚ ਤੇ ਰੋਜਰ ਫੈਡਰਰ ਦੀ ਬਰਾਬਰੀ ’ਤੇ ਹਨ। ਨਡਾਲ ਇਸ ਸਮੇਂ ਚੌਥੀ ਰੈਂਕਿੰਗ ’ਤੇ ਕਾਬਜ਼ ਹਨ। ਉਨ੍ਹਾਂ ਨੇ ਇਸ ਸਾਲ ਕਲੇਕੋਰਟ ’ਤੇ ਬਾਰਸੀਲੋਨਾ ਤੇ ਰੋਮ ’ਚ ਦੋ ਟੂਰਨਾਮੈਂਟ ਜਿੱਤੇ ਹਨ। 


Tarsem Singh

Content Editor

Related News