ਨਡਾਲ ਅਤੇ ਥਿਏਮ ਦੀ ਸ਼ਾਨਦਾਰ ਸ਼ੁਰੂਆਤ
Monday, Nov 16, 2020 - 06:58 PM (IST)
ਲੰਡਨ—ਵਿਸ਼ਵ ਦੇ ਨੰਬਰ ਦੋ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਸੈਸ਼ਨ ਦੇ ਆਖ਼ਰੀ ਟੂਰਨਾਮੈਂਟ ਏ. ਟੀ. ਪੀ. ਵਰਲਡ ਟੂਰ ਫਾਈਨਲਸ 'ਚ ਪਹਿਲੀ ਵਾਰ ਖ਼ਿਤਾਬ ਜਿੱਤਣ ਦੇ ਟੀਚੇ ਦੇ ਨਾਲ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਰੂਸ ਦੇ ਆਂਦਰੇਈ ਰੂਬਲੇਵ ਨੂੰ ਗਰੁੱਪ ਲੰਡਨ 2020 'ਚ ਐਤਵਾਰ ਨੂੰ 6-3, 6-4 ਨਾਲ ਹਰਾ ਦਿੱਤਾ ਜਦਕਿ ਤੀਜਾ ਦਰਜਾ ਪ੍ਰਾਪਤ ਆਸਟਰੇਲੀਆ ਦੇ ਡੋਮਿਨਿਕ ਥਿਏਮ ਨੇ ਯੂਨਾਨ ਦੇ ਸਤੇਫਾਨੋਸ ਸਿਤਪਿਸਾਸ ਨੂੰ ਤਿੰਨ ਸੈੱਟਾਂ ਦੇ ਸੰਘਰਸ਼ 'ਚ 7-6 (5), 4-6, 6-3 ਨਾਲ ਹਰਾਇਆ।
20 ਵਾਰ ਦੇ ਗ੍ਰੈਂਡ ਸਲੈਮ ਜੇਤੂ ਅਤੇ ਦੂਜਾ ਦਰਜਾ ਪ੍ਰਾਪਤ ਨਡਾਲ ਰਿਕਾਰਡ ਲਗਾਤਾਰ 16ਵੀਂ ਵਾਰ ਇਸ ਟੂਰਨਾਮੈਂਟ 'ਚ ਖੇਡ ਰਹੇ ਹਨ ਪਰ ਪਿਛਲੇ 15 ਮੌਕਿਆਂ 'ਤੇ ਉਹ ਇਕ ਵਾਰ ਵੀ ਸੈਸ਼ਨ ਦੇ ਇਸ ਆਖ਼ਰੀ ਟੂਰਨਾਮੈਂਟ ਨੂੰ ਨਹੀਂ ਜਿੱਤ ਸਕੇ ਹਨ। ਨਡਾਲ ਨੇ ਸਤਵਾਂ ਦਰਜਾ ਪ੍ਰਾਪਤ ਰੂਬਲੇਵ ਤੋਂ ਨਜਿੱਠਣ 'ਚ ਸਿਰਫ ਇਕ ਘੰਟੇ 18 ਮਿੰਟ ਦਾ ਸਮਾਂ ਲਾਇਆ। ਨਡਾਲ ਇਸ ਟੂਰਨਾਮੈਂਟ 'ਚ 2010 ਅਤੇ 2013 'ਚ ਫਾਈਨਲ 'ਚ ਪਹੁੰਚੇ ਸਨ ਪਰ ਖ਼ਿਤਾਬ ਨਹੀਂ ਜਿੱਤ ਸਕੇ ਸਨ। ਉਨ੍ਹਾਂ ਨੇ ਜਿੱਤ ਦੇ ਬਾਅਦ ਕਿਹਾ ਕਿ ਟੂਰਨਾਮੈਂਟ 'ਚ ਚੰਗੀ ਸ਼ੁਰੂਆਤ ਕਰਨਾ ਮਹੱਤਵਪੂਰਨ ਹੈ। ਨਡਾਲ ਨੇ ਕਿਹਾ ਕਿ ਇਸ ਮੁਕਾਬਲੇ 'ਚ ਉਨ੍ਹਾਂ ਦੀ ਸਰਵਿਸ ਬਿਹਤਰ ਰਹੀ ਜਿਸ ਨਾਲ ਉਨ੍ਹਾਂ ਨੂੰ ਮੁਕਾਬਲਾ ਜਿੱਤਣ 'ਚ ਮਦਦ ਮਿਲੀ।
ਥਿਏਮ ਤੇ ਸਿਤਸਿਪਾਸ 2019 'ਚ ਇਸ ਟੂਰਨਾਮੈਂਟ ਦੇ ਫਾਈਨਲ 'ਚ ਖੇਡੇ ਸਨ ਅਤੇ ਥਿਏਮ ਨੇ ਇਸ ਜਿੱਤ ਨਾਲ ਸਿਤਸਿਪਾਸ ਤੋਂ ਪਿਛਲੇ ਸਾਲ ਦੇ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਚੁੱਕਾ ਦਿੱਤਾ। ਯੂ. ਐੱਸ. ਓਪਨ ਚੈਂਪੀਅਨ ਥਿਏਮ ਨੇ ਗਰੁੱਪ ਲੰਡਨ 2020 'ਚ ਛੇਵਾਂ ਦਰਜਾ ਪ੍ਰਾਪਤ ਸਿਤਸਿਪਾਸ ਨੂੰ ਦੋ ਘੰਟੇ 17 ਮਿੰਟ ਤਕ ਚਲੇ ਮੁਕਾਬਲੇ 'ਚ 7-6 (5), 4-6, 6-3 ਨਾਲ ਹਰਾਇਆ। ਲਗਾਤਾਰ ਪੰਜਵੇਂ ਸਾਲ ਇਸ ਟੂਰਨਾਮੈਂਟ 'ਚ ਖੇਡ ਰਹੇ ਥਿਏਮ ਨੇ ਇਸ ਜਿੱਤ ਦੇ ਨਾਲ ਸਿਤਸਿਪਾਸ ਦੇ ਖਿਲਾਫ ਆਪਣਾ ਰਿਕਾਰਡ 5-3 ਪਹੁੰਚਾ ਦਿੱਤਾ ਹੈ। ਥਿਏਮ ਨੇ ਫੈਸਲਾਕੁੰਨ ਸੈਟ 'ਚ 3-0 ਦੀ ਬੜ੍ਹਤ ਬਣਾਉਣ ਦੇ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਇਸ ਸੈੱਟ ਨੂੰ 6-3 ਨਾਲ ਜਿੱਤ ਕੇ ਮੈਚ ਖ਼ਤਮ ਕੀਤਾ।