RR vs RCB : ਬਟਲਰ ਦਾ ਸ਼ਾਨਦਾਰ ਸੈਂਕੜਾ, IPL ਦੇ ਫਾਈਨਲ 'ਚ ਪਹੁੰਚੀ ਰਾਜਸਥਾਨ

Friday, May 27, 2022 - 11:10 PM (IST)

RR vs RCB : ਬਟਲਰ ਦਾ ਸ਼ਾਨਦਾਰ ਸੈਂਕੜਾ, IPL ਦੇ ਫਾਈਨਲ 'ਚ ਪਹੁੰਚੀ ਰਾਜਸਥਾਨ

ਸਪੋਰਟਸ ਡੈਸਕ-  ਰਾਜਸਥਾਨ ਰਾਇਲਜ਼ ਨੇ ਸਲਾਮੀ ਬੱਲੇਬਾਜ਼ ਜੋਸ ਬਟਲਰ (ਅਜੇਤੂ 106) ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਨਾਲ ਸ਼ੁੱਕਰਵਾਰ ਨੂੰ ਇੱਥੇ ਆਈ. ਪੀ. ਐੱਲ. ਦੇ ਦੂਜੇ ਕੁਆਲੀਫਾਇਰ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆ. ਸੀ. ਬੀ.) ਨੂੰ 7 ਵਿਕਟਾਂ ਨਾਲ ਹਰਾ ਕੇ 29 ਮਈ ਨੂੰ ਹੋਣ ਵਾਲੇ ਫਾਈਨਲ ਵਿਚ ਜਗ੍ਹਾ ਬਣਾਈ, ਜਿੱਥੇ ਉਸਦਾ ਸਾਹਮਣਾ ਡੈਬਿਊ ਕਰ ਰਹੀ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਸੈਸ਼ਨ ਵਿਚ ਇਹ ਬਟਲਰ ਦਾ ਚੌਥਾ ਸੈਂਕੜਾ ਹੈ, ਜਿਸ ਦੇ ਲਈ ਉਸ ਨੇ 59 ਗੇਂਦਾਂ ਵਿਚ 10 ਚੌਕੇ ਤੇ 5 ਛੱਕੇ ਲਾਏ ਅਤੇ ਫਿਰ ਇਕ ਹੋਰ ਛੱਕਾ ਲਾ ਕੇ ਟੀਮ ਨੂੰ ਐਤਵਾਰ ਨੂੰ ਹੋਣ ਵਾਲੇ ਫਾਈਨਲ ਵਿਚ ਪਹੁੰਚਾ ਦਿੱਤਾ। ਰਾਜਸਥਾਨ ਨੇ ਖਚਾਖਚ ਭਰੇ ਸਟੇਡੀਅਮ ਵਿਚ ਪਹਿਲਾਂ ਪ੍ਰਸਿੱਧ ਕ੍ਰਿਸ਼ਣਾ (22 ਦੌੜਾਂ ਦੇ ਕੇ 3 ਵਿਕਟਾਂ) ਤੇ ਓਬੇਦ ਮੈਕਾਏ (23 ਦੌੜਾਂ’ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਆਰ. ਸੀ. ਬੀ. ਨੂੰ 8 ਵਿਕਟਾਂ ’ਤੇ 157 ਦੌੜਾਂ ਦੇ ਸਕੋਰ ’ਤੇ ਰੋਕ ਦਿੱਤਾ ਸੀ। ਫਿਰ ਬਟਲਰ ਦੀ 60 ਗੇਂਦਾਂ ਵਿਚ 10 ਚੌਕਿਆਂ ਤੇ 6 ਛੱਕਿਆਂ ਨਾਲ ਸਜੀ ਅਜੇਤੂ ਪਾਰੀ ਵਿਚ 18.1 ਓਵਰਾਂ ਵਿਚ 3 ਵਿਕਟਾਂ ’ਤੇ 161 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ : ਯੂਨਾਨ ਦੇ ਸਮੁੰਦਰ ਖੇਤਰ 'ਚ ਜਹਾਜ਼ ਜ਼ਬਤ ਕਰਨ ਨੂੰ ਲੈ ਕੇ ਈਰਾਨ ਨੇ ਪ੍ਰਗਟਾਇਆ ਵਿਰੋਧ

PunjabKesari

ਰਾਜਸਥਾਨ ਲਈ ਯਸ਼ਸਵੀ ਜਾਇਸਵਾਲ (21) ਨੇ ਪਹਿਲੇ ਹੀ ਓਵਰ ਵਿਚ ਮੁਹੰਮਦ ਸਿਰਾਜ ’ਤੇ 2 ਚੱਕੇ ਤੇ 1 ਛੱਕੇ ਨਾਲ 16 ਦੌੜਾਂ ਬਣਾ ਤੇਜ਼ ਸ਼ੁਰੂਆਤ ਕੀਤੀ। ਬਟਲਰ ਨੇ ਤੀਜੇ ਓਵਰ ਵਿਚ ਸਿਰਾਜ ’ਤੇ 2 ਚੌਕੇ ਤੇ 1 ਛੱਕਾ ਜਦਕਿ ਸ਼ਾਹਬਾਜ ਅਹਿਮਦ ’ਤੇ 2 ਚੱਕੇ ਤੇ 1 ਚੌਕਾ ਲਾਇਆ ਪਰ ਛੇਵੇਂ ਓਵਰ ਦੀ ਪਹਿਲੀ ਗੇਂਦ ’ਤੇ ਜਾਇਸਵਾਲ ਹੇਜ਼ਲਵੁਡ ਦੀ ਗੇਂਦ ’ਤੇ ਆਊਟ ਹੋ ਗਿਆ ਤੇ ਪਹਿਲੀ ਵਿਕਟ ਲਈ ਬਟਲਰ ਦੇ ਨਾਲ 61 ਦੌੜਾਂ ਦੀ ਸਾਂਝੇਦਾਰੀ ਵੀ ਖਤਮ ਹੋਈ। ਬਟਲਰ ਨੇ ਟੀਮ ਦਾ ਮੈਚ ’ਤੇ ਦਬਦਬਾ ਬਰਕਰਾਰ ਰੱਖਦੇ ਹੋਏ 23 ਗੇਂਦਾਂ ’ਤੇ 6 ਚੌਕਿਆਂ ਤੇ 3 ਛੱਕਿਆਂ ਨਾਲ ਅਰਧ ਸੈਂਕੜਾ ਪੂਰਾ ਕੀਤਾ। ਇਸ ਦੌਰਾਨ ਉਸ ਨੂੰ ਜੀਵਨਦਾਨ ਵੀ ਮਿਲਿਆ ਜਦੋਂ ਹਰਸ਼ਲ ਪਟੇਲ ਦੀ ਗੇਂਦ ’ਤੇ ਵਿਕਟਕੀਪਰ ਦਿਨੇਸ਼ ਕਾਰਤਿਕ ਕੈਚ ਫੜਨ ਤੋਂ ਖੁੰਝ ਗਿਆ। ਰਾਜਸਥਾਨ ਰਾਇਲਜ਼ ਨੇ 9.1 ਓਵਰਾਂ ਵਿਚ ਦੌੜਾਂ ਦਾ ਸੈਂਕੜਾ ਪੂਰਾ ਕੀਤਾ। ਰਾਜਸਥਾਨ ਨੂੰ ਆਖਰੀ ਪੰਜ ਓਵਰਾਂ ਵਿਚ 32 ਦੌੜਾਂ ਦੀ ਲੋੜ ਸੀ । ਬਟਲਰ ਨੇ 16ਵੇਂ ਓਵਰ ਵਿਚ ਹਸਰੰਗਾ ਦੀ ਚੌਥੇ ਗੇਂਦ ’ਤੇ ਛੱਕਾ ਲਾ ਕੇ ਸੈਸ਼ਨ ਵਿਚ 800 ਦੌੜਾਂ ਪੂਰੀਆਂ ਕੀਤੀਆਂ। ਫਿਰ ਆਖਰੀ ਗੇਂਦ ’ਤੇ ਦੂਜਾ ਛੱਕਾ ਲਾਇਆ। ਬਟਲਰ ਆਪਣੇ ਸੈਂਕੜੇ ਵੱਲ ਵਧ ਰਿਹਾ ਸੀ, ਟੀਮ ਨੇ ਦੇਵਦੱਤ ਪੱਡੀਕਲ (9) ਦੇ ਰੂਪ ਵਿਚ ਤੀਜੀ ਵਿਕਟ ਗੁਆ ਦਿੱਤੀ।

PunjabKesari

ਇਸ ਤੋਂ ਪਹਿਲਾਂ ਪਿਛਲੇ ਮੈਚ ਵਿਚ ਸੈਂਕੜਾ ਲਾ ਕੇ ਸੁਰਖੀਆਂ ਵਿਚ ਆਏ ਰਜਤ ਪਾਟੀਦਾਰ (58) ਦੇ ਅਰਧ ਸੈਂਕੜੇ ਦੇ ਬਾਵਜੂਦ ਰਾਇਲ ਚੈਲੰਜਰਜ਼ ਬੈਂਗਲੁਰੂ  8 ਵਿਕਟਾਂ ’ਤੇ 157 ਦੌੜਾਂ ਹੀ ਬਣਾ ਸਕੀ।ਪਾਟੀਦਾਰ ਨੇ ਛੇਵੇਂ ਓਵਰ ਵਿਚ ਮਿਲੇ ਜੀਵਨਦਾਨ ਦਾ ਪੂਰਾ ਫਾਇਦਾ ਚੁੱਕਦੇ ਹੋਏ 42 ਗੇਂਦਾਂ ਦੀ ਪਾਰੀ ਵਿਚ 4 ਚੌਕੇ ਤੇ 3 ਛੱਕੇ ਲਾਏ। ਕਪਤਾਨ ਫਾਫ ਡੂ ਪਲੇਸਿਸ ਨੇ 25 ਤੇ ਗਲੇਨ ਮੈਕਸਵੈੱਲ (13 ਗੇਂਦਾਂ ਵਿਚ 2 ਛੱਕੇ ਤੇ 1 ਚੌਕਾ) ਨੇ 24 ਦੌੜਾਂ ਦਾ ਯੋਗਦਾਨ ਦਿੱਤਾ।ਆਰ. ਸੀ. ਬੀ. ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਕੋਹਲੀ ਦੀ ਵਿਕਟ 9 ਦੌੜਾਂ ਦੇ ਸਕੋਰ ’ਤੇ ਗੁਆ ਦਿੱਤੀ ਸੀ। ਪਲੇਸਿਸ ਤੇ ਪਾਟੀਦਾਰ ਨੇ ਜ਼ਿੰਮੇਵਾਰੀ ਨਾਲ ਖੇਡਦੇ ਹੋਏ ਦੂਜੀ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਨਿਭਾਈ। ਮੈਕਸਵੈੱਲ ਨੇ ਆ ਕੇ ਕੁਝ ਸ਼ਾਟਾਂ ਲਾ ਕੇ ਰਨ ਰੇਟ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਪੈਵੇਲੀਅਨ ਪਹੁੰਚਣ ਤੋਂ ਬਾਅਦ ਆਰ. ਸੀ. ਬੀ. ਲਗਾਤਾਰ ਵਿਕਟਾਂ ਗੁਆਉਂਦੀ ਰਹੀ, ਜਿਸ ਨਾਲ ਕੋਈ ਵੱਡੀ ਸਾਂਝੇਦਾਰੀ ਨਹੀਂ ਬਣੀ। ਆਰ. ਸੀ. ਬੀ. ਦੀ ਪਾਰੀ ਦੇ ਆਖਰੀ ਗੇੜ ਦਾ ਅੰਦਾਜ਼ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਉਸ ਨੇ ਆਖਰੀ 5 ਓਵਰਾਂ ਵਿਚ ਸਿਰਫ 34 ਦੌੜਾਂ ਜੋੜੀਆਂ ਤੇ 5 ਵਿਕਟਾਂ ਗੁਆ ਦਿੱਤੀਆਂ।

PunjabKesari

ਕੋਹਲੀ ਨੇ ਪਹਿਲੇ ਓਵਰ ਵਿਚ ਬੋਲਟ ਦੀ ਗੇਂਦ ਨੂੰ ਅੱਗੇ ਨਿਕਲ ਕੇ ਡੀਪ ਸਕੁਐਰ ਲੈੱਗ ’ਤੇ ਛੱਕੇ ਲਈ ਭੇਜ ਕੇ ਵੱਡੀ ਪਾਰੀ ਦੀ ਉਮੀਦ ਜਗਾਈ ਪਰ ਦਰਸ਼ਕਾਂ ਦੀਆਂ ਉਮੀਦਾਂ ਪੂਰੀਆਂ ਨਹੀਂ ਹੋ ਸਕੀਆਂ । ਪਾਟੀਦਾਰ ਨੇ 15ਵੇਂ ਓਵਰ ਵਿਚ ਚਾਹਲ ਦੀ ਆਖਰੀ ਗੇਂਦ ’ਤੇ ਸ਼ਾਨਦਾਰ ਛੱਕਾ ਲਾ ਕੇ 40 ਗੇਂਦਾਂ ਵਿਚ 4 ਚੌਕਿਆਂ ਤੇ 2 ਛੱਕਿਆਂ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਹਾਲਾਂਕਿ ਅਗਲੇ ਓਵਰ ਵਿਚ ਅਸ਼ਵਿਨ ’ਤੇ ਦੂਜੀ ਗੇਂਦ ’ਤੇ ਡੀਪ ਮਿਡਵਿਕਟ ’ਤੇ ਛੱਕਾ ਲਾਉਣ ਤੋਂ ਬਾਅਦ ਪਾਟੀਦਾਰ ਅਗਲੀ ਗੇਂਦ ’ਤੇ ਆਊਟ ਹੋ ਗਿਆ। ਲਾਂਗ ਆਫ ਬਾਊਂਡਰੀ ’ਤੇ ਜੋਸ ਬਟਲਰ ਨੇ ਸੰਤੁਲਨ ਗਵਾਉਣ ਦੇ ਬਾਵਜੂਦ ਉਸਦਾ ਕੈਚ ਫੜ ਲਿਆ ਤੇ ਆਰ. ਸੀ. ਬੀ. ਨੇ ਚੌਥੀ ਵਿਕਟ 130 ਦੌੜਾਂ ’ਤੇ ਗੁਆ ਦਿੱਤੀ। ਇਸ ਤੋਂ ਬਾਅਦ ਟੀਮ ਆਪਣੀ ਲੈਅ ਬਿਲਕੁਲ ਗੁਆ ਬੈਠੀ। 

PunjabKesari

ਦੋਵਾਂ ਟੀਮਾਂ ਦੀਆਂ ਸੰਭਾਵਿਤ ਪਲੇਇੰਗ ਇਲੈਵਨ :-
ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਜੋਸ ਬਟਲਰ, ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਦੇਵਦੱਤ ਪਡੀਕਲ, ਸ਼ਿਮਰੋਨ ਹੇਟਮਾਇਰ, ਰੀਆਨ ਪਰਾਗ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਪ੍ਰਸਿਧ ਕ੍ਰਿਸ਼ਨਾ, ਯੁਜਵੇਂਦਰ ਚਾਹਲ, ਓਬੇਦ ਮੈਕਕੋਏ
ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਮਹੀਪਾਲ ਲੋਮਰੋਰ, ਸ਼ਾਹਬਾਜ਼ ਅਹਿਮਦ, ਵਨਿੰਦੂ ਹਸਰੰਗਾ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਜੋਸ਼ ਹੇਜ਼ਲਵੁੱਡ।

ਇਹ ਵੀ ਪੜ੍ਹੋ : ਪਾਕਿ 'ਚ ਤੇਲ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News