ਪੀ. ਵੀ. ਸਿੰਧੂ ਇੰਡੋਨੇਸ਼ੀਆ ਓਪਨ ਦੇ ਸੈਮੀਫਾਈਨਲ ''ਚ ਪੁੱਜੀ
Friday, Nov 26, 2021 - 06:41 PM (IST)
ਬਾਲੀ- ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀ. ਵੀ. ਸਿੰਧੂ ਨੇ ਇਕ ਗੇਮ ਗੁਆਉਣ ਦੇ ਬਾਅਦ ਵਾਪਸੀ ਕਰਦੇ ਹੋਏ ਦੱਖਣੀ ਕੋਰੀਆ ਦੀ ਸਿਮ ਯੁਜਿਨ ਨੂੰ ਹਰਾ ਕੇ ਇੰਡੋਨੇਸ਼ੀਆ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਮੌਜੂਦਾ ਵਿਸ਼ਵ ਚੈਂਪੀਅਨ ਤੀਜੀ ਦਰਜਾ ਪ੍ਰਾਪਤ ਸਿੰਧੂ ਨੇ ਯੂਜਿਨ ਨੂੰ 14-21, 21-19, 21-14 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਜਾਪਾਨ ਦੀ ਅਸੁਕਾ ਤਾਕਾਹਾਸ਼ੀ ਤੇ ਦੂਜਾ ਦਰਜਾ ਪ੍ਰਪਾਤ ਥਾਈਲੈਂਡ ਦੀ ਇੰਤਾਨੋਵ ਰੇਚਾਨੋਕ ਦਰਮਿਆਨ ਹੋਣ ਵਾਲੇ ਦੂਜੇ ਕੁਆਰਟਰ ਫ਼ਾਈਨਲ ਦੀ ਜੇਤੂ ਨਾਲ ਹੋਵੇਗਾ।
ਭਾਰਤ ਦੇ ਬੀ. ਸਾਈ ਪ੍ਰਣੀਤ ਪੁਰਸ਼ ਸਿੰਗਲ ਕੁਆਰਰ ਫਾਈਨਲ 'ਚ ਓਲੰਪਿਕ ਚੈਂਪੀਅਨ ਤੇ ਸਾਬਕਾ ਨੰਬਰ ਇਕ ਖਿਡਾਰੀ ਡੈਨਮਾਰਕ ਦੇ ਵਿਕਟਰ ਐਕਸੇਲਸਨ ਨਾਲ ਖੇਡਣਗੇ। ਵਿਸ਼ਵ ਰੈਂਕਿੰਗ 'ਚ 16ਵੇਂ ਸਥਾਨ 'ਤੇ ਕਾਬਜ ਪ੍ਰਣੀਤ ਨੇ ਫਰਾਂਸ ਦੇ 70ਵੀਂ ਰੈਂਕਿੰਗ ਪ੍ਰਾਪਤ ਵਾਲੇ ਕ੍ਰਿਸਟੋ ਪੋਪੋਵ ਨੂੰ 21-17, 14-21, 21-19 ਨਾਲ ਹਰਾਇਆ। ਪੁਰਸ਼ ਡਬਲਜ਼ 'ਚ ਭਾਰਤ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਸਾਤਵਿਕ ਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦਾ ਸਾਹਮਣਾ ਮਲੇਸ਼ੀਆ ਦੇ ਗੋਹ ਜੇ ਫੇਈ ਤੇ ਨੂਰ ਇਜੁਦੀਨ ਨਾਲ ਹੋਵੇਗਾ।