ਬਲਿਚਫੀਲਡ ਨੂੰ ਹਰਾ ਸਿੰਧੂ ਸਿੰਗਾਪੁਰ ਓਪਨ ਦੇ ਕੁਆਰਟਰ ਫਾਈਨਲ ''ਚ
Thursday, Apr 11, 2019 - 01:09 PM (IST)

ਸਿੰਗਾਪੁਰ : ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਡੈਨਮਾਰਕ ਦੀ ਮੀਆ ਬਲਿਚਫੀਲਡ 'ਤੇ ਸਿੱਧੇ ਸੈਟਾਂ ਵਿਚ ਜਿੱਤ ਦਰਜ ਕਰ ਕੇ ਵੀਰਵਾਰ ਨੂੰ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਚੌਥਾ ਦਰਜਾ ਪ੍ਰਾਪਤ ਸਿੰਧੂ ਨੇ ਵਿਸ਼ਵ ਵਿਚ 22ਵੇਂ ਨੰਬਰ ਦੀ ਮੀਆ ਨੂੰ 39 ਮਿੰਟ ਵਿਚ 21-13, 21-19 ਨਾਲ ਹਰਾਇਆ। ਇਹ ਡੈਨਮਾਰਕ ਦੀ ਖਿਡਾਰਨ ਖਿਲਾਫ ਉਸ ਦੀ ਲਗਾਤਾਰ ਦੂਜੀ ਜਿੱਤ ਹੈ। ਵਿਸ਼ਵ ਵਿਚ 6ਵੇਂ ਨੰਬਰ ਦੀ ਸਿੰਧੂ ਦਾ ਅਗਲਾ ਮੁਕਾਬਲਾ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਚੀਨੀ ਖਿਡਾਰਨ ਕਾਈ ਯਾਨਯਾਨ ਨਾਲ ਹੋਵੇਗਾ। ਸਿੰਧੂ ਨੇ ਪਹਿਲੇ ਸੈੱਟ ਦੇ ਸ਼ੁਰੂ ਵਿਚ 3-0 ਨਾਲ ਬੜ੍ਹਤ ਬਣਾ ਕੇ ਆਖਰ ਤੱਕ ਇਸ ਨੂੰ ਬਰਕਰਾਰ ਰੱਖਿਆ ਪਰ ਦੂਜੇ ਸੈੱਟ ਵਿਚ ਸਕੋਰ ਇਕ ਸਮੇਂ 8-8 ਨਾਲ ਬਰਾਬਰੀ 'ਤੇ ਸੀ ਜਦਕਿ ਇਸ ਤੋਂ ਬਾਅਦ ਭਾਰਤੀ ਖਿਡਾਰੀ ਇਕ ਸਮੇਂ 11-15 ਨਾਲ ਪਿੱਛੇ ਵੀ ਸੀ। ਪਿਛਲੇ ਮਹੀਨੇ ਇੰਡੀਆ ਓਪਨ ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਸਿੰਧੂ ਨੇ ਹਾਲਾਂਕਿ ਵਾਪਸੀ ਕਰ ਕੇ ਸਕੋਰ 17-17 ਕੀਤਾ ਅਤੇ ਫਿਰ ਮੈਚ ਆਪਣੇ ਨਾਂ ਕਰਨ 'ਚ ਦੇਰ ਨਹੀਂ ਲਗਾਈ।