ਸਿੰਧੂ ਦੀਆਂ ਨਜ਼ਰਾਂ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਡ ''ਚ ਤਮਗੇ ''ਤੇ
Wednesday, Jul 25, 2018 - 02:36 PM (IST)

ਨਵੀਂ ਦਿੱਲੀ— ਇਸ ਸੈਸ਼ਨ 'ਚ ਤਿੰਨ ਫਾਈਨਲ ਖੇਡਣ ਦੇ ਬਾਵਜੂਦ ਖਿਤਾਬ ਤੋਂ ਵਾਂਝੀ ਰਹੀ ਪੀ.ਵੀ. ਸਿੰਧੂ ਚੀਨ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਅਤੇ ਇੰਡੋਨੇਸ਼ੀਆ 'ਚ ਏਸ਼ੀਆਈ ਖੇਡਾਂ 'ਚ ਨਵੇਂ ਸਿਰੇ ਤੋਂ ਸ਼ੁਰੂਆਤ ਕਰੇਗੀ। ਰੀਓ ਓਲੰਪਿਕ 2016 'ਚ ਤਮਗਾ ਜਿੱਤਣ ਦੇ ਬਾਅਦ ਤੋਂ ਸਿੰਧੂ ਸ਼ਾਨਦਾਰ ਲੈਅ 'ਚ ਹੈ। ਪਿਛਲੇ ਸਾਲ ਉਹ ਫਾਈਨਲ 'ਚ ਪਹੁੰਚੀ ਅਤੇ ਤਿੰਨ ਖਿਤਾਬ ਜਿੱਤੇ। ਉਹ ਵਿਸ਼ਵ ਚੈਂਪੀਅਨਸ਼ਿਪ, ਹਾਂਗਕਾਂਗ ਓਪਨ ਅਤੇ ਦੁਬਈ ਸੀਰੀਜ਼ 'ਚ ਫਾਈਨਲ 'ਚ ਹਾਰ ਗਈ। ਇਸ ਸਾਲ ਉਹ ਇੰਡੀਆ ਓਪਨ, ਰਾਸ਼ਟਰਮੰਡਲ ਖੇਡਾਂ ਅਤੇ ਥਾਈਲੈਂਡ ਓਪਨ 'ਚ ਫਾਈਨਲ 'ਚ ਪਹੁੰਚੀ ਸੀ ਪਰ ਹਾਰ ਗਈ।
ਉਸ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਜਾਣਦੀ ਹਾਂ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਫਾਈਨਲ ਹਾਰ ਰਹੀ ਹਾਂ। ਹਰ ਗੱਲ ਦਾ ਹਾਂ-ਪੱਖੀ ਅਤੇ ਨਾਂਹ-ਪੱਖੀ ਪਹਿਲੂ ਹੁੰਦਾ ਹੈ। ਕੁਆਰਟਰ ਫਾਈਨਲ ਅਤੇ ਸੈਮੀਫਾਈਨਲ 'ਚ ਹਾਰਨ 'ਤੇ ਤੁਸੀਂ ਉਨ੍ਹਾਂ ਗਲਤੀਆਂ ਤੋਂ ਸਿਖਦੇ ਹੋ। ਤੁਸੀਂ ਚੰਗਾ ਖੇਡ ਰਹੇ ਹੋ ਪਰ ਆਖਰੀ ਰੁਕਾਵਟ ਪਾਰ ਨਹੀਂ ਹੋ ਰਹੀ ਹੈ।'' ਸਿੰਧੂ ਨੇ ਕਿਹਾ, ''ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਫਾਈਨਲ 'ਚ ਪਹੁੰਚਣਾ ਜਿੱਤਣ ਦੇ ਬਰਾਬਰ ਹੀ ਹੈ। ਪਹਿਲੇ ਜਾਂ ਦੂਜੇ ਦੌਰ 'ਚ ਹਾਰਨਾ ਬੁਰਾ ਹੈ। ਫਾਈਨਲ 'ਚ ਕੁਝ ਵੀ ਹੋ ਸਕਦਾ ਹੈ।''
ਸਿੰਧੂ ਭਾਰਤੀ ਟੀਮ ਦੇ ਨਾਲ ਸ਼ਨੀਵਾਰ ਨੂੰ ਚੀਨ ਰਵਾਨਾ ਹੋਵੇਗੀ ਜਿੱਥੇ 30 ਜੁਲਾਈ ਤੋਂ ਵਿਸ਼ਵ ਚੈਂਪੀਅਨਸ਼ਿਪ ਖੇਡੀ ਜਾਣੀ ਹੈ। ਉਸ ਨੇ ਕਿਹਾ, ''ਮੈਂ ਵਿਸ਼ਵ ਚੈਂਪੀਅਨਸ਼ਿਪ 'ਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੀ ਹਾਂ। ਮੇਰੀ ਤਿਆਰੀ ਚੰਗੀ ਹੈ।'' ਏਸ਼ੀਆਈ ਖੇਡਾਂ ਦੇ ਬਾਰੇ 'ਚ ਉਸ ਨੇ ਕਿਹਾ, ''ਏਸ਼ੀਆਈ ਖੇਡਾਂ ਮੁਸ਼ਕਲ ਹੋਣਗੀਆਂ ਪਰ ਮੈਨੂੰ ਲਗਦਾ ਹੈ ਕਿ ਇਸ ਦਾ ਪੱਧਰ ਕਿਸੇ ਹੋਰ ਸੁਪਰ ਸੀਰੀਜ਼ ਟੂਰਨਾਮੈਂਟ ਦੀ ਤਰ੍ਹਾਂ ਹੋਵੇਗਾ। ਕੈਰੋਲਿਨਾ ਮਾਰਿਨ ਦੇ ਇਲਾਵਾ ਸਾਰੇ ਏਸ਼ੀਆਈ ਖਿਡਾਰੀ ਇਸ 'ਚ ਹੋਣਗੇ।'' ਇਸ ਸਾਲ ਆਪਣੇ ਪ੍ਰਦਰਸ਼ਨ 'ਤੇ ਉਸ ਨੇ ਕਿਹਾ, ''ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਇਹ ਸਾਲ ਚੰਗਾ ਰਿਹਾ। ਮੈਂ ਰਾਸ਼ਟਰਮੰਡਲ ਖੇਡ ਫਾਈਨਲ ਤੱਕ ਪਹੁੰਚੀ ਪਰ ਥਕੇਵਾਂ ਮੇਰੇ 'ਤੇ ਹਾਵੀ ਹੋ ਗਿਆ ਸੀ। ਮੈਂ ਪਿਛਲੀ ਵਾਰ ਕਾਂਸੀ ਦਾ ਤਮਗਾ ਜਿੱਤਿਆ ਸੀ ਤਾਂ ਇਸ ਵਾਰ ਚਾਂਦੀ ਦਾ ਤਮਗਾ ਚੰਗਾ ਹੈ। ਉਮੀਦ ਹੈ ਕਿ ਅਗਲੀ ਵਾਰ ਪੀਲਾ ਤਮਗਾ ਜਿੱਤਾਂਗੀ।''