ਪੰਜਾਬ ਪੁਲਸ ਨੇ ਜਿੱਤਿਆ ਅਖਿਲ ਭਾਰਤੀ ਪੁਲਸ ਹਾਕੀ ਖਿਤਾਬ
Sunday, Dec 12, 2021 - 11:48 AM (IST)
ਬੈਂਗਲੁਰੂ–ਮਜ਼ਬੂਤ ਟੀਮ ਪੰਜਾਬ ਪੁਲਸ ਨੇ ਸ਼ਨੀਵਾਰ ਨੂੰ ਇੱਥੇ ਫਾਈਨਲ ਵਿਚ ਆਈ. ਟੀ. ਬੀ. ਪੀ. ਜਲੰਧਰ ਨੂੰ ਇਕਪਾਸੜ ਅੰਦਾਜ਼ ਵਿਚ 7-1 ਨਾਲ ਹਰਾ ਕੇ 70ਵੀਂ ਅਖਿਲ ਭਾਰਤੀ ਪੁਲਸ ਹਾਕੀ ਚੈਂਪੀਅਨਸ਼ਿਪ ਖਿਤਾਬ ਜਿੱਤ ਲਿਆ। ਪੰਜਾਬ ਪੁਲਸ ਨੇ ਸੱਟ ਕਾਰਨ ਖੇਡਣ ਵਿਚ ਅਸਮਰਥ ਸਟਾਰ ਸਟ੍ਰਾਈਕਰ ਰਮਨਦੀਪ ਸਿੰਘ ਦੇ ਬਿਨਾਂ ਮੈਚ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ। ਟੀਮ ਨੇ ਹਮਲਾਵਰ ਤਰੀਕੇ ਨਾਲ ਸ਼ੁਰੂਆਤ ਕੀਤੀ। ਨਤੀਜੇ ਵਜੋਂ ਆਈ. ਟੀ. ਬੀ. ਪੀ. ਜਲੰਧਰ ’ਤੇ ਦਬਾਅ ਬਣਿਆ, ਜਿਸ ਨਾਲ ਉਹ ਮੈਚ ਦੇ ਅੰਤ ਤਕ ਉੱਭਰ ਨਹੀਂ ਸਕੀ।
ਪੰਜਾਬ ਪੁਲਸ ਦੀ ਟੀਮ ਵਲੋਂ ਲਗਾਤਾਰ ਫਰਕ ’ਤੇ ਗੋਲ ਕੀਤੇ ਗਏ। ਲਗਭਗ ਹਰ ਕੁਆਰਟਰ ਵਿਚ ਇਕ ਗੋਲ ਹੋਇਆ। ਸਕੋਰ ਦਾ ਖਾਤਾ ਹਰਦੀਪ ਸਿੰਘ ਨੇ 14ਵੇਂ ਮਿੰਟ ਵਿਚ ਖੋਲ੍ਹਿਆ, ਜਿਸ ਤੋਂ ਬਾਅਦ ਕਰਨਬੀਰ ਸਿੰਘ ਨੇ 17ਵੇਂ ਤੇ 39ਵੇਂ, ਕੰਵਰਜੀਤ ਸਿੰਘ ਨੇ 20ਵੇਂ, ਕਪਤਾਨ ਦੁਪਿੰਦਰਦੀਪ ਸਿੰਘ ਨੇ 41ਵੇਂ, ਜਗਮੀਤ ਸਿੰਘ ਨੇ 53ਵੇਂ ਤੇ ਬਲਵਿੰਦਰ ਸਿੰਘ ਨੇ 55ਵੇਂ ਮਿੰਟ ਵਿਚ ਗੋਲ ਕੀਤਾ। ਆਈ. ਟੀ. ਬੀ. ਪੀ. ਜਲੰਧਰ ਵਲੋਂ 27ਵੇਂ ਮਿੰਟ ਵਿਚ ਇਕਲੌਤਾ ਗੋਲ ਕੀਤਾ ਗਿਆ, ਜਿਹੜਾ ਸੁਨੀਲ ਕਿੱਜੁਰ ਦੇ ਨਾਂ ਰਿਹਾ।