ਪੰਜਾਬ ਕਿੰਗਜ਼ ਨੇ ਬਹੁਤੁਲੇ ਨੂੰ ਸਪਿੰਨ ਗੇਂਦਬਾਜ਼ੀ ਕੋਚ ਕੀਤਾ ਨਿਯੁਕਤ
Thursday, Oct 23, 2025 - 08:42 PM (IST)
ਚੰਡੀਗੜ੍ਹ–ਇੰਡੀਅਨ ਪ੍ਰੀਮੀਅਰ ਲੀਗ ਟੀਮ ਪੰਜਾਬ ਕਿੰਗਜ਼ ਨੇ ਸਾਬਕਾ ਭਾਰਤੀ ਕ੍ਰਿਕਟਰ ਸਾਈਰਾਜ ਬਹੁਤੁਲੇ ਨੂੰ ਲੀਗ ਦੇ ਅਗਲੇ ਸੈਸ਼ਨ ਲਈ ਆਪਣਾ ਨਵਾਂ ਸਪਿੰਨ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਹੈ। ਭਾਰਤ ਲਈ 2 ਟੈਸਟ ਤੇ 8 ਵਨ ਡੇ ਕੌਮਾਂਤਰੀ ਮੈਚ ਖੇਡਣ ਵਾਲਾ 52 ਸਾਲਾ ਬਹੁਤੁਲੇ ਸੁਨੀਲ ਜੋਸ਼ੀ ਦੀ ਜਗ੍ਹਾ ਲਵੇਗਾ, ਜਿਹੜਾ 2023 ਤੋਂ ਇਹ ਭੂਮਿਕਾ ਨਿਭਾਅ ਰਿਹਾ ਸੀ। ਬਹੁਤੁਲੇ ਪਹਿਲੀ ਸ਼੍ਰੇਣੀ ਦਾ ਸਾਬਕਾ ਧਾਕੜ ਖਿਡਾਰੀ ਤੇ ਬੇਹੱਦ ਸਨਮਾਨਿਤ ਕੋਚ ਹੈ। ਇਸ ਤੋਂ ਪਹਿਲਾਂ ਉਹ ਕੇਰਲ, ਗੁਜਰਾਤ, ਵਿਦਰਭ ਤੇ ਬੰਗਾਲ ਵਰਗੀਆਂ ਘਰੇਲੂ ਟੀਮਾਂ ਤੋਂ ਇਲਾਵਾ ਆਈ. ਪੀ. ਐੱਲ. ਵਿਚ ਰਾਜਸਥਾਨ ਰਾਇਲਜ਼ ਦੇ ਨਾਲ ਕੋਚਿੰਗ ਦੀ ਭੂਮਿਕਾ ਨਿਭਾਅ ਚੁੱਕਾ ਹੈ।
