ਪੱਛਮੀ ਖੇਤਰ ਲਈ ਦਲੀਪ ਟਰਾਫੀ ਖੇਡੇਣਗੇ ਪੁਜਾਰਾ ਅਤੇ ਸੂਰਯਕੁਮਾਰ
Monday, Jun 26, 2023 - 03:22 PM (IST)
ਮੁੰਬਈ (ਵਾਰਤਾ)– ਤਜ਼ਰਬੇਕਾਰ ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਤੇ ਸੂਰਯਕੁਮਾਰ ਯਾਦਵ ਨੂੰ 28 ਜੂਨ ਤੋਂ ਬੈਂਗਲੁਰੂ ਵਿਚ ਸ਼ੁਰੂ ਹੋਣ ਵਾਲੀ 2023 ਦਲੀਪ ਟਰਾਫੀ ਲਈ ਪੱਛਮੀ ਖੇਤਰ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੋਵੇਂ ਖਿਡਾਰੀਆਂ ਨੂੰ ਯਸ਼ਸਵੀ ਜਾਇਸਵਾਲ ਤੇ ਰਿਤੂਰਾਜ ਗਾਇਕਵਾੜ ਦੇ ਸਥਾਨ ’ਤੇ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ, ਜਿਹੜੇ ਕਿ ਵੈਸਟਇੰਡੀਜ਼ ਦੌਰੇ ’ਤੇ ਜਾਣ ਵਾਲੀ ਭਾਰਤੀ ਟੈਸਟ ਟੀਮ ਦਾ ਹਿੱਸਾ ਹਨ। ਗੁਜਰਾਤ ਦਾ ਸਲਾਮੀ ਬੱਲੇਬਾਜ਼ ਪ੍ਰਿਯਾਂਕ ਪੰਚਾਲ ਪੱਛਮੀ ਖੇਤਰ ਦਾ ਕਪਤਾਨ ਬਣਿਆ ਰਹੇਗਾ। ਇਸ ਮਹੀਨੇ ਦੀ ਸ਼ੁਰੂਆਤ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ਵਿਚ ਭਾਰਤ ਦੀ ਹਾਰ ਤੋਂ ਬਾਅਦ ਪੁਜਾਰਾ ਨੂੰ ਟੈਸਟ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਪੁਜਾਰਾ ਡਬਲਯੂ. ਟੀ. ਸੀ. ਫਾਈਨਲ ਵਿਚ 14 ਤੇ 27 ਦੌੜਾਂ ਹੀ ਬਣਾ ਸਕਿਆ ਸੀ, ਜਦਕਿ ਭਾਰਤ ਨੂੰ ਆਸਟਰੇਲੀਆ ਹੱਥੋਂ 209 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਸੂਰਯਕੁਮਾਰ ਕੋਲ ਖੁਦ ਨੂੰ ਸਾਬਤ ਕਰਨ ਦਾ ਇਕ ਹੋਰ ਮੌਕਾ
ਦੂਜੇ ਪਾਸੇ, ਦਲੀਪ ਟਰਾਫੀ ਸੂਰਯਕੁਮਾਰ ਯਾਦਵ ਲਈ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਖੁਦ ਨੂੰ ਸਾਬਤ ਕਰਨ ਦਾ ਇਕ ਹੋਰ ਮੌਕਾ ਹੈ। ਉਸ ਨੇ ਫਰਵਰੀ
ਵਿਚ ਆਸਟਰੇਲੀਆ ਵਿਰੁੱਧ ਬਾਰਡਰ-ਗਾਵਸਕਰ ਟਰਾਫੀ ਦੇ ਸ਼ੁਰੂਆਤੀ ਮੈਚ ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਸੀ ਪਰ ਆਗਾਮੀ ਤਿੰਨ ਮੈਚਾਂ ਵਿਚੋਂ ਉਹ ਬਾਹਰ ਰਿਹਾ। ਉਹ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਅਜੇ ਤਕ 133 ਪਾਰੀਆਂ ਵਿਚ 44.45 ਦੀ ਔਸਤ ਨਾਲ 5557 ਦੌੜਾਂ ਬਣਾ ਚੁੱਕਾ ਹੈ, ਜਿਸ ਵਿਚ 14 ਸੈਂਕੜੇ ਤੇ 28 ਅਰਧ ਸੈਂਕੜੇ ਸ਼ਾਮਲ ਹਨ। ਸੂਰਯਕੁਮਾਰਰ 27 ਜੁਲਾਈ ਨੂੰ ਬ੍ਰਿਜਟਾਊਨ ਵਿਚ ਵੈਸਟਇੰਡੀਜ਼ ਵਿਰੁੱਧ ਸ਼ੁਰੂ ਹੋਣ ਵਾਲੀ ਵਨ ਡੇ ਲੜੀ ਵਿਚ ਭਾਰਤੀ ਟੀਮ ਦਾ ਹਿੱਸਾ ਹੈ। ਉਹ ਇਸ ਤੋਂ ਬਾਅਦ ਹੋਣ ਵਾਲੀ ਟੀ-20 ਲੜੀ ਦਾ ਹਿੱਸਾ ਵੀ ਹੋਵੇਗਾ, ਹਾਲਾਂਕਿ ਦਲੀਪ ਟਰਾਫੀ ਦਾ ਫਾਈਨਲ 12 ਜੁਲਾਈ ਨੂੰ ਤੈਅ ਹੈ, ਇਸ ਲਈ ਸੂਰਯਕੁਮਾਰ ਦੇ ਦਲੀਪ ਟਰਾਫੀ ਲਈ ਪੂਰੀ ਤਰ੍ਹਾਂ ਉਪਲੱਬਧ ਰਹਿਣ ਦੀ ਉਮੀਦ ਹੈ।