ਪ੍ਰਣਯ ਅਤੇ ਸੇਨ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੇ ਦੂਸਰੇ ਦੌਰ ’ਚ ਪੁੱਜੇ
Tuesday, Aug 22, 2023 - 11:58 AM (IST)

ਕੋਪੇਨਹੇਗਨ (ਭਾਸ਼ਾ)- ਭਾਰਤੀ ਬੈਡਮਿੰਟਨ ਖਿਡਾਰੀ ਐੱਚ. ਐੱਸ. ਪ੍ਰਣਯ ਅਤੇ ਲਕਸ਼ ਸੇਨ ਕ੍ਰਮਵਾਰ ਕੋਲੇ ਕੋਲਜੋਨੇਨ ਅਤੇ ਜਾਜਰੇਸ ਜੂਲੀਅਨ ਪਾਲ ’ਤੇ ਸਿੱਧੀ ਗੇਮ ਵਿਚ ਜਿੱਤ ਦੇ ਨਾਲ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲ ਦੇ ਦੂਸਰੇ ਦੌਰ ’ਚ ਪਹੁੰਚ ਗਏ। ਵਿਸ਼ਵ ਚੈਂਪੀਅਨਸ਼ਿਪ ਦੇ ਪਿਛਲੇ 2 ਸੈਸ਼ਨ ਵਿਚ ਕੁਆਰਟਰ ਫਾਈਨਲ ਤੱਕ ਪਹੁੰਚਣ ਵਾਲੇ ਦੁਨੀਆ ਦੇ 9ਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਵਾਮਹਸਤ ਕੋਲਜੋਨੇਨ ਨੂੰ ਸਿੱਧੀ ਗੇਮ ਵਿਚ 24-22, 21-10 ਨਾਲ ਹਰਾਇਆ।
ਰਾਸ਼ਟਰਮੰਡਲ ਖੇਡਾਂ ਦੇ ਮੌਜੂਦਾ ਸੋਨ ਤਮਗਾ ਜੇਤੂ ਸੇਨ ਨੇ ਮਾਰੀਸ਼ਸ ਦੇ ਪਾਲ ਨੂੰ ਸਿਰਫ 25 ਮਿੰਟ ਤੱਕ ਚੱਲੇ ਇਕਤਰਫਾ ਮੁਕਾਬਲੇ ਵਿਚ 21-12, 21-7 ਨਾਲ ਹਰਾਇਆ। ਇਸ ਤੋਂ ਪਹਿਲਾਂ ਰੋਹਨ ਕਪੂਰ ਅਤੇ ਐੱਨ. ਸਿੱਕੀ ਰੈੱਡੀ ਦੀ ਭਾਰਤੀ ਦੀ ਮਿਕਸਡ ਡਬਲ ਜੋੜੀ ਨੂੰ ਪਹਿਲੇ ਦੌਰ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਰੈਂਕਿੰਗ ਵਿਚ 33ਵੇਂ ਸਥਾਨ ’ਤੇ ਕਾਬਜ਼ ਭਾਰਤੀ ਜੋੜੀ ਨੂੰ ਸਕਾਟਲੈਂਡ ਦੀ ਜੂਲੀ ਮੈਕਫਰਸਨ ਅਤੇ ਐਡਮ ਹਾਲ ਦੀ ਜੋੜੀ ਨੇ 59 ਮਿੰਟ ਤੱਕ ਚੱਲੇ ਮੁਕਾਬਲੇ ਵਿਚ 21-14, 20-22, 21-18 ਨਾਲ ਹਰਾਇਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।