IPL 2021: ਮੱਧ ਓਵਰਾਂ ''ਚ ਦਬਾਅ ਬਣਿਆ ਜਿੱਤ-ਹਾਰ ਦਾ ਅੰਤਰ: ਵਿਰਾਟ ਕੋਹਲੀ

Tuesday, Oct 12, 2021 - 04:29 PM (IST)

IPL 2021: ਮੱਧ ਓਵਰਾਂ ''ਚ ਦਬਾਅ ਬਣਿਆ ਜਿੱਤ-ਹਾਰ ਦਾ ਅੰਤਰ: ਵਿਰਾਟ ਕੋਹਲੀ

ਸ਼ਾਰਜਾਹ (ਵਾਰਤਾ)- ਰਾਇਲ ਚੈਲੰਜਰਜ਼ ਬੰਗਲੁਰੂ (ਆਰ.ਸੀ.ਬੀ.) ਦੇ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਇੱਥੇ ਆਈ.ਪੀ.ਐੱਲ. 2021 ਦੇ ਐਲੀਮੀਨੇਟਰ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਤੋਂ ਹਾਰਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮੱਧ ਓਵਰਾਂ ਵਿਚ, ਜਿੱਥੇ ਕੋਲਕਾਤਾ ਦੇ ਸਪਿਨਰਾਂ ਦਾ ਦਬਦਬਾ ਰਿਹਾ, ਉਥੇ ਹੀ ਜਿੱਤ ਅਤੇ ਹਾਰ ਦਾ ਅੰਤਰ ਸੀ। ਵਿਰਾਟ ਨੇ ਮੈਚ ਤੋਂ ਬਾਅਦ ਕਿਹਾ, 'ਉਨ੍ਹਾਂ ਦੇ ਗੇਂਦਬਾਜ਼ ਚੰਗੀ ਜਗ੍ਹਾ 'ਤੇ ਗੇਂਦਬਾਜ਼ੀ ਕਰਦੇ ਰਹੇ ਅਤੇ ਵਿਕਟ ਲੈਂਦੇ ਰਹੇ। ਅਸੀਂ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਇਥੇ ਸਾਰੀ ਗੱਲ ਚੰਗੀ ਗੇਂਦਬਾਜ਼ੀ ਦੇ ਬਾਰੇ ਸੀ ਨਾ ਕਿ ਖ਼ਰਾਬ ਬੱਲੇਬਾਜ਼ੀ ਦੇ ਬਾਰੇ ਵਿਚ। ਉਹ ਪੂਰੀ ਤਰ੍ਹਾਂ ਮੈਚ ਜਿੱਤਣ ਅਤੇ ਅਗਲੇ ਗੇੜ ਵਿਚ ਪਹੁੰਚਣ ਦੇ ਹੱਕਦਾਰ ਹਨ। ਅੰਤ ਤਕ ਗੇਂਦ ਨਾਲ ਲੜਨਾ ਸਾਡੀ ਟੀਮ ਦੀ ਵਿਸ਼ੇਸ਼ਤਾ ਰਹੀ ਹੈ। 22 ਦੌੜਾਂ ਦੇ ਉਸ ਵੱਡੇ ਓਵਰ ਦੇ ਕਾਰਨ ਅਸੀਂ ਵਿਚਕਾਰ ਕਈ ਮੌਕੇ ਗੁਆ ਦਿੱਤੇ। ਅਸੀਂ ਆਖ਼ਰੀ ਓਵਰ ਤੱਕ ਲੜੇ ਅਤੇ ਇਸ ਨੂੰ ਸ਼ਾਨਦਾਰ ਮੈਚ ਬਣਾਇਆ। ਸਾਨੂੰ ਬੱਲੇਬਾਜ਼ੀ ਕਰਦਿਆਂ 15 ਦੌੜਾਂ ਘੱਟ ਬਣਾਉਣ ਅਤੇ ਗੇਂਦ ਨਾਲ ਕੁਝ ਵੱਡੇ ਓਵਰ ਦੇਣ ਦੀ ਕੀਮਤ ਚੁਕਾਉਣੀ ਪਈ।'

ਆਰ.ਸੀ.ਬੀ. ਦੇ ਕਪਤਾਨ ਨੇ ਕਿਹਾ, 'ਸੁਨੀਲ ਨਰਾਇਣ ਹਮੇਸ਼ਾ ਤੋਂ ਹੀ ਇਕ ਵਧੀਆ ਗੇਂਦਬਾਜ਼ ਰਹੇ ਹਨ ਅਤੇ ਉਨ੍ਹਾਂ ਨੇ ਅੱਜ ਇਕ ਵਾਰ ਫਿਰ ਇਸ ਨੂੰ ਸਾਬਤ ਕੀਤਾ। ਸ਼ਾਕਿਬ ਅਲ ਹਸਨ, ਵਰੁਣ ਚੱਕਰਵਰਤੀ ਅਤੇ ਉਨ੍ਹਾਂ ਨੇ ਦਬਾਅ ਬਣਾਇਆ ਅਤੇ ਸਾਡੇ ਬੱਲੇਬਾਜ਼ਾਂ ਨੂੰ ਮੱਧ ਓਵਰਾਂ ਵਿਚ ਦੌੜਾਂ ਨਹੀਂ ਬਣਾਉਣ ਦਿੱਤੀਆਂ।' ਆਰ.ਸੀ.ਬੀ .ਦੀ ਕਪਤਾਨੀ ਛੱਡਣ 'ਤੇ ਵਿਰਾਟ ਨੇ ਕਿਹਾ, 'ਮੈਂ ਇੱਥੇ ਇਕ ਮਾਹੌਲ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਜਿੱਥੇ ਨੌਜਵਾਨ ਆ ਸਕਦੇ ਹਨ ਅਤੇ ਆਜ਼ਾਦੀ ਅਤੇ ਵਿਸ਼ਵਾਸ ਨਾਲ ਖੇਡ ਸਕਦੇ ਹਨ। ਇਹੀ ਕੁਝ ਮੈਂ ਭਾਰਤੀ ਟੀਮ ਵਿਚ ਵੀ ਕੀਤਾ ਹੈ। ਮੈਂ ਆਪਣਾ ਸਰਬੋਤਮ ਦਿੱਤਾ ਹੈ। ਮੈਨੂੰ ਨਹੀਂ ਪਤਾ ਕਿ ਪ੍ਰਤੀਕ੍ਰਿਆ ਕਿਵੇਂ ਦੀ ਰਹੀ ਪਰ ਮੈਂ ਹਰ ਵਾਰ ਇਸ ਫ੍ਰੈਂਚਾਇਜ਼ੀ ਨੂੰ 120 ਪ੍ਰਤੀਸ਼ਤ ਦਿੱਤਾ ਹੈ ਅਤੇ ਹੁਣ ਮੈਂ ਇਸ ਨੂੰ ਇਕ ਖਿਡਾਰੀ ਦੇ ਰੂਪ ਵਿਚ ਕਰਾਂਗਾ। ਇਹ ਅਗਲੇ ਤਿੰਨ ਸਾਲਾਂ ਲਈ ਉਨ੍ਹਾਂ ਲੋਕਾਂ ਦੇ ਨਾਲ ਮੁੜ ਸੰਗਠਿਤ ਹੋਣ ਅਤੇ ਪੁਨਰਗਠਿਤ ਹੋਣ ਦਾ ਸਹੀ ਸਮਾਂ ਹੈ ਜੋ ਇਸ ਨੂੰ ਅੱਗੇ ਵਧਾਉਣਗੇ।' ਉਨ੍ਹਾਂ ਨੇ ਆਰ.ਸੀ.ਬੀ. ਦੇ ਨਾਲ ਰਹਿਣ 'ਤੇ ਕਿਹਾ, 'ਹਾਂ ਜ਼ਰੂਰ, ਮੈਂ ਖ਼ੁਦ ਨੂੰ ਕਿਤੇ ਹੋਰ ਖੇਡਦਾ ਨਹੀਂ ਵੇਖਦਾ। ਮੇਰੇ ਲਈ ਵਫ਼ਾਦਾਰੀ ਦੁਨਿਆਵੀ ਸੁੱਖਾਂ ਨਾਲੋਂ ਜ਼ਿਆਦਾ ਮਾਇਨੇ ਰੱਖਦੀ ਹੈ। ਮੈਂ ਆਈ.ਪੀ.ਐੱਲ. ਵਿਚ ਖੇਡਣ ਦੇ ਆਖ਼ਰੀ ਦਿਨ ਤੱਕ ਆਰ.ਸੀ.ਬੀ. ਵਿਚ ਰਹਾਂਗਾ।'


author

cherry

Content Editor

Related News