ਪ੍ਰਣਯ ਨੇ ਜਿੱਤਿਆ ਮਲੇਸ਼ੀਆ ਮਾਸਟਰਜ਼ ਦਾ ਖ਼ਿਤਾਬ
Monday, May 29, 2023 - 02:34 PM (IST)
ਕੁਆਲਾਲੰਪੁਰ - ਭਾਰਤ ਦੇ ਐੱਚ. ਐੱਸ. ਪ੍ਰਣਯ ਨੇ ਐਤਵਾਰ ਨੂੰ ਇੱਥੇ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਸਖ਼ਤ ਫਾਈਨਲ ਮੁਕਾਬਲੇ ਵਿਚ ਤਿੰਨ ਗੇਮਾਂ ਵਿਚ ਚੀਨ ਦੇ ਵੇਂਗ ਹੋਂਗ ਯੇਂਗ ਨੂੰ ਹਰਾ ਕੇ ਆਪਣਾ ਪਹਿਲਾ ਬੀ. ਡਬਲਯੂ. ਐੱਫ. ਵਿਸ਼ਵ ਟੂਰ ਖ਼ਿਤਾਬ ਜਿੱਤਿਆ। 30 ਸਾਲ ਦੇ ਭਾਰਤੀ ਖਿਡਾਰੀ ਨੇ 94 ਮਿੰਟ ਤੱਕ ਚੱਲੇ ਮੁਕਾਬਲੇ ਦੌਰਾਨ ਸ਼ਾਨਦਾਰ ਜਜ਼ਬਾ ਦਿਖਾਉਂਦੇ ਹੋਏ ਚੀਨ ਦੇ ਦੁਨੀਆ ਦੇ 34ਵੇਂ ਨੰਬਰ ਦੇ ਖਿਡਾਰੀ ਵੇਂਗ ਖ਼ਿਲਾਫ਼ 21-19, 13-21, 21-18 ਨਾਲ ਜਿੱਤ ਦਰਜ ਕੀਤੀ।
ਪ੍ਰਣਯ ਨੇ ਪਿਛਲੇ ਸਾਲ ਥਾਮਸ ਕੱਪ ਵਿਚ ਭਾਰਤ ਦੀ ਇਤਿਹਾਸਕ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ ਪਰ 2017 ਅਮਰੀਕੀ ਓਪਨ ਗ੍ਰਾਂ. ਪ੍ਰੀ. 'ਚ ਗੋਲਡ ਤੋਂ ਬਾਅਦ ਤੋਂ ਉਹ ਨਿੱਜੀ ਖ਼ਿਤਾਬ ਨਹੀਂ ਜਿੱਤ ਸਕੇ ਸਨ। ਕੇਰਲ ਦਾ ਇਹ ਬੈਡਮਿੰਟਨ ਖਿਡਾਰੀ ਪਿਛਲੇ ਸਾਲ ਸਵਿਸ ਓਪਨ ਦੇ ਫਾਈਨਲ ਵਿਚ ਪੁੱਜ ਕੇ ਖ਼ਿਤਾਬ ਦੇ ਸੋਕੇ ਨੂੰ ਖ਼ਤਮ ਕਰਨ ਦੇ ਨੇੜੇ ਪੁੱਜਾ ਸੀ। ਇਸ ਤੋਂ ਇਲਾਵਾ ਪ੍ਰਣਯ ਮਲੇਸ਼ੀਆ ਤੇ ਇੰਡੋਨੇਸ਼ੀਆ ਸੁਪਰ 1000 ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਵੀ ਥਾਂ ਬਣਾਉਣ ਵਿਚ ਕਾਮਯਾਬ ਰਿਹਾ ਸੀ।