ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ : ਲਕਸ਼ੇ ਨੂੰ ਹਰਾ ਕੇ ਪ੍ਰਣਯ ਕੁਆਰਟਰ ਫਾਈਨਲ ’ਚ, ਸਾਇਨਾ ਹਾਰ ਕੇ ਬਾਹਰ

Thursday, Aug 25, 2022 - 07:23 PM (IST)

ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ : ਲਕਸ਼ੇ ਨੂੰ ਹਰਾ ਕੇ ਪ੍ਰਣਯ ਕੁਆਰਟਰ ਫਾਈਨਲ ’ਚ, ਸਾਇਨਾ ਹਾਰ ਕੇ ਬਾਹਰ

ਟੋਕੀਓ- ਭਾਰਤ ਦੇ ਐੱਚ. ਐੱਸ. ਪ੍ਰਣਯ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਹਮਵਤਨ ਤੇ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਲਕਸ਼ੇ ਸੇਨ ਨੂੰ ਹਰਾ ਕੇ ਵੀਰਵਾਰ ਨੂੰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਪੁਰਸ਼ ਡਬਲਜ਼ ਵਿਚ ਧਰੁਵ ਕਪਿਲਾ ਤੇ ਐੱਮ. ਆਰ. ਅਰਜੁਨ ਤੇ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਵੀ ਆਖ਼ਰੀ ਅੱਠ ਵਿਚ ਪੁੱਜ ਗਈ। ਓਲੰਪਿਕ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਮਹਿਲਾ ਸਿੰਗਲਜ਼ ਦੇ ਪ੍ਰੀ ਕੁਆਰਟਰ ਫਾਈਨਲ ਵਿਚ ਸਖ਼ਤ ਚੁਣੌਤੀ ਪੇਸ਼ ਕਰਨ ਤੋਂ ਬਾਅਦ ਬੁਸਾਨਨ ਓਂਗਬਾਂਰੁੰਗਫਾਨ ਹੱਥੋਂ ਹਾਰ ਕੇ ਬਾਹਰ ਹੋ ਗਈ। ਪ੍ਰਣਯ ਨੇ ਲਕਸ਼ੇ ਖ਼ਿਲਾਫ਼ 17-21, 21-16, 21-17 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਤੋਂ ਬਾਅਦ ਦੋਵਾਂ ਵਿਚਾਲੇ ਜਿੱਤ ਹਾਰ ਦਾ ਰਿਕਾਰਡ 2-2 ਦਾ ਹੋ ਗਿਆ ਹੈ। ਹੁਣ ਪ੍ਰਣਯ ਦਾ ਸਾਹਮਣਾ ਚੀਨ ਦੇ ਝਾਓ ਜੁਨ ਪੇਂਗ ਨਾਲ ਹੋਵੇਗਾ।

ਦੋ ਭਾਰਤੀ ਪੁਰਸ਼ ਡਬਲਜ਼ ਜੋੜੀਆਂ ਵੀ ਕੁਆਰਟਰ ਫਾਈਨਲ ਵਿਚ ਪੁੱਜਣ ਵਿਚ ਕਾਮਯਾਬ ਰਹੀਆਂ। ਅਰਜੁਨ ਤੇ ਕਪਿਲਾ ਦੀ ਗ਼ੈਰ ਦਰਜਾ ਜੋੜੀ ਨੇ 58 ਮਿੰਟ ਤਕ ਚੱਲੇ ਰੋਮਾਂਚਕ ਮੁਕਾਬਲੇ ਵਿਚ ਸਿੰਗਾਪੁਰ ਦੇ ਟੈਰੀ ਹੀ ਤੇ ਲੋਹ ਕੀਨ ਹੀਨ 'ਤੇ 18-21, 21-15, 21-16 ਨਾਲ ਜਿੱਤ ਦਰਜ ਕੀਤੀ। ਹੁਣ ਉਨ੍ਹਾਂ ਦਾ ਸਾਹਮਣਾ ਇੰਡੋਨੇਸ਼ੀਆ ਦੇ ਮੁਹੰਮਦ ਅਸਾਨ ਤੇ ਹੇਂਡਰਾ ਸੇਤੀਆਵਾਨ ਨਾਲ ਹੋਵੇਗਾ। ਕਪਿਲਾ ਤੇ ਅਰਜੁਨ ਨੇ ਦੂਜੇ ਗੇੜ ਵਿਚ ਅੱਠਵਾਂ ਦਰਜਾ ਹਾਸਲ ਕੀਤਾ ਤੇ ਪਿਛਲੀ ਵਾਰ ਦੇ ਕਾਂਸੀ ਦੇ ਤਮਗੇ ਜੇਤੂ ਡੈਨਮਾਰਕ ਦੇ ਕਿਮ ਏਸਟੂਪ ਤੇ ਏਂਡਰਸ ਸਕਾਰੂਪ ਰਾਸਮੁਸੇਨ ਨੂੰ ਹਰਾਇਆ ਸੀ।

ਇਹ ਵੀ ਪੜ੍ਹੋ : ਕ੍ਰਿਕਟ ਮੈਚ ਦੀ ਨਹੀਂ ਮਿਲੀ ਟਿਕਟ ਤਾਂ BCCI ਮੁਖੀ ਨੇ ਸ਼ੁਰੂ ਕਰਵਾ ’ਤਾ ਏਸ਼ੀਆ ਕੱਪ, ਜਾਣੋ ਹੋਰ ਵੀ ਰੋਚਕ ਤੱਥ

ਸਾਤਵਿਕ ਤੇ ਚਿਰਾਗ ਦੀ ਜੋੜੀ ਨੇ ਡੈਨਮਾਰਕ ਦੇ ਜੇਪਾ ਬੇ ਤੇ ਲਾਸੇ ਮੋਲਹੇਡੇ ਦੀ ਜੋੜੀ ਨੂੰ 35 ਮਿੰਟ ਵਿਚ 21-12, 21-10 ਨਾਲ ਹਰਾ ਦਿੱਤਾ। ਹੁਣ ਉਨ੍ਹਾਂ ਦਾ ਮੁਕਾਬਲਾ ਕੁਆਰਟਰ ਫਾਈਨਲ ਵਿਚ ਜਾਪਾਨ ਦੇ ਤਾਕੁਰੋ ਹੋਕੀ ਤੇ ਯੁਗੋ ਕੋਬਾਯਾਸ਼ੀ ਦੀ ਦੂਜਾ ਦਰਜਾ ਜੋੜੀ ਨਾਲ ਹੋਵੇਗਾ। ਸਾਇਨਾ ਨੂੰ ਥਾਈਲੈਂਡ ਦੀ ਵਿਰੋਧੀ ਹੱਥੋਂ 17-21, 21-16, 13-21 ਨਾਲ ਹਾਰ ਮਿਲੀ। ਇਸ ਜਿੱਤ ਨਾਲ ਬੁਸਾਨਨ ਦਾ ਸਾਇਨਾ ਖ਼ਿਲਾਫ਼ ਜਿੱਤ ਦਾ ਰਿਕਾਰਡ 5-3 ਹੋ ਗਿਆ ਹੈ।

ਬੁਸਾਨਨ ਨੇ ਸ਼ੁਰੂਆਤੀ ਗੇਮ ਵਿਚ 11-3 ਦੀ ਬੜ੍ਹਤ ਹਾਸਲ ਕਰ ਲਈ ਜਿਸ ਨਾਲ ਸਾਇਨਾ ਦਬਾਅ ਵਿਚ ਆ ਗਈ। ਹਾਲਾਂਕਿ ਭਾਰਤੀ ਖਿਡਾਰੀ ਨੇ ਇਸ ਫ਼ਰਕ ਨੂੰ ਘੱਟ ਕਰਦੇ ਹੋਏ 17-19 ਕਰ ਲਿਆ ਪਰ ਥਾਈਲੈਂਡ ਦੀ ਖਿਡਾਰਨ ਨੇ ਆਸਾਨੀ ਨਾਲ ਪਹਿਲੀ ਗੇਮ ਜਿੱਤ ਲਈ। ਪਹਿਲੀ ਗੇਮ ਦੇ ਅੰਤ ਵਿਚ ਵਾਪਸੀ ਨੇ ਸਾਇਨਾ ਨੂੰ ਆਤਮਵਿਸ਼ਵਾਸ ਦਿੱਤਾ ਤੇ ਸਾਬਕਾ ਨੰਬਰ ਇਕ ਖਿਡਾਰਨ ਬ੍ਰੇਕ ਤਕ 11-7 ਨਾਲ ਅੱਗੇ ਹੋ ਗਈ। ਉਨ੍ਹਾਂ ਨੇ ਹਮਲਾਵਰ ਖੇਡਦੇ ਹੋਏ ਮੈਚ ਨੂੰ ਫ਼ੈਸਲਾਕੁਨ ਗੇਮ ਤਕ ਪਹੁੰਚਾ ਦਿੱਤਾ। ਤੀਜੀ ਗੇਮ ਵਿਚ ਦੋਵਾਂ ਖਿਡਾਰੀਆਂ ਨੇ ਇਕ ਦੂਜੇ ਨੂੰ ਸਖ਼ਤ ਟੱਕਰ ਦਿੱਤੀ। ਪਰ ਬੁਸਾਨਨ ਨੇ ਲੈਅ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਤੇ ਪੰਜ ਅੰਕਾਂ ਦੀ ਬੜ੍ਹਤ ਬਣਾਈ। ਸਾਇਨਾ ਹੌਲੀ-ਹੌਲੀ ਪੱਛੜਦੀ ਰਹੀ ਤੇ 26 ਸਾਲ ਦੀ ਬੁਸਾਨਨ ਨੇ ਸੱਤ ਮੈਚ ਪੁਆਇੰਟਾਂ ਨਾਲ ਆਪਣਾ ਕੁਆਰਟਰ ਫਾਈਨਲ ਸਥਾਨ ਪੱਕਾ ਕੀਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News