ਪ੍ਰਜਨੇਸ਼ ਆਸਟਰੇਲੀਆਈ ਓਪਨ ਦੇ ਮੁੱਖ ਡਰਾਅ ''ਚ, ਜੋਕੋਵਿਚ ਨਾਲ ਹੋ ਸਕਦੈ ਮੁਕਾਬਲਾ

01/18/2020 3:23:01 PM

ਸਪੋਰਟਸ ਡੈਸਕ— ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੇ ਸ਼ਨੀਵਾਰ ਨੂੰ 'ਲਕੀ ਲੂਜ਼ਰ' ਦੇ ਤੌਰ 'ਤੇ ਆਸਟਰੇਲੀਆਈ ਓਪਨ ਦੇ ਪੁਰਸ਼ ਸਿੰਗਲ ਦੇ ਮੁੱਖ ਡਰਾਅ 'ਚ ਜਗ੍ਹਾ ਬਣਾਈ ਅਤੇ ਜੇਕਰ ਉਹ ਪਹਿਲੀ ਰੁਕਾਵਟ ਪਾਰ ਕਰਨ 'ਚ ਸਫਲ ਰਹਿੰਦੇ ਹਨ ਤਾਂ ਦੂਜੇ ਦੌਰ 'ਚ ਉਨ੍ਹਾਂ ਦਾ ਮੁਕਾਬਲਾ ਵਿਸ਼ਵ ਦੇ ਨੰਬਰ ਦੋ ਨੋਵਾਕ ਜੋਕੋਵਿਚ ਨਾਲ ਹੋ ਸਕਦਾ ਹੈ। ਪ੍ਰਜਨੇਸ਼ ਕੁਆਲੀਫਾਇੰਗ ਦੌਰ ਦੇ ਆਪਣੇ ਆਖ਼ਰੀ ਮੈਚ 'ਚ ਲਾਟਵੀਆ ਦੇ ਅਰਨੇਸਟ ਗੁਲਬਿਸ ਤੋਂ ਸਿੱਧੇ ਸੈੱਟਾਂ 'ਚ ਹਾਰ ਗਏ ਸਨ ਪਰ ਕਿਸਮਤ ਦੇ ਸਹਾਰੇ ਉਹ ਮੁੱਖ ਡਰਾਅ 'ਚ ਜਗ੍ਹਾ ਬਣਾਉਣ 'ਚ ਸਫਲ ਰਹੇ ਕਿਉਂਕਿ ਸਿੱਧਾ ਪ੍ਰਵੇਸ਼ ਕਰਨ ਵਾਲੇ ਇਕ ਖਿਡਾਰੀ ਨੇ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ ਹੈ।

ਖੱਬੇ ਹੱਥ ਨਾਲ ਖੇਡਣ ਵਾਲੇ ਪ੍ਰਜਨੇਸ਼ ਲਗਾਤਾਰ ਪੰਜਵੀਂ ਵਾਰ ਕਿਸੇ ਗ੍ਰੈਂਡਸਲੈਮ ਦੇ ਮੁੱਖ ਡਰਾਅ 'ਚ ਖੇਡਣਗੇ। ਚੇਨਈ ਦੇ ਇਸ ਖਿਡਾਰੀ ਨੇ ਪਿਛਲੇ ਸਾਲ ਕੁਆਲੀਫਾਇਰ ਦੇ ਜ਼ਰੀਏ ਆਸਟਰੇਲੀਆਈ ਓਪਨ 'ਚ ਜਗ੍ਹਾ ਬਣਾਈ ਸੀ ਪਰ ਵਿੰਬਲਡਨ, ਫ੍ਰੈਂਚ ਓਪਨ ਅਤੇ ਯੂ. ਐੱਸ. ਓਪਨ 'ਚ ਬਿਹਤਰ ਰੈਂਕਿੰਗ ਦੇ ਆਧਾਰ 'ਤੇ ਉਨ੍ਹਾਂ ਨੇ ਮੁੱਖ ਡਰਾਅ 'ਚ ਸਥਾਨ ਪ੍ਰਾਪਤ ਕੀਤਾ ਸੀ। ਪ੍ਰਜਨੇਸ਼ ਨੂੰ ਸ਼ੁਰੂ 'ਚ ਚੰਗਾ ਡਰਾਅ ਮਿਲਿਆ ਹੈ। ਉਨ੍ਹਾਂ ਦਾ ਪਹਿਲਾ ਮੁਕਾਬਲਾ ਜਾਪਾਨ ਦੇ ਤਾਤਸੁਮੋ ਇਟੋ ਨਾਲ ਹੋਵੇਗਾ ਜੋ ਭਾਰਤੀ ਖਿਡਾਰੀ ਤੋਂ 22 ਪਾਇਦਾਨ ਹੇਠਾਂ 144ਵੀਂ ਰੈਂਕਿੰਗ 'ਤੇ ਕਾਬਜ ਹਨ। ਉਨ੍ਹਾਂ ਨੂੰ ਨਾ ਸਿਰਫ ਗ੍ਰੈਂਡਸਲੈਮ ਦੇ ਮੁੱਖ ਡਰਾਅ 'ਚ ਆਪਣਾ ਪਹਿਲਾ ਮੈਚ ਜਿੱਤਣ ਦਾ ਮੌਕਾ ਮਿਲਿਆ ਹੈ ਸਗੋਂ ਇਸ 'ਚ ਜਿੱਤ ਦਰਜ ਕਰਨ 'ਤੇ ਉਹ ਸਰਬੀਆਈ ਧਾਕੜ ਜੋਕੋਵਿਚ ਨਾਲ ਵੀ ਭਿੜ ਸਕਦੇ ਹਨ।


Tarsem Singh

Content Editor

Related News