ਪ੍ਰਾਗ ਮਾਸਟਰ : ਭਾਰਤ ਦੇ ਤਿੰਨੇ ਖਿਡਾਰੀਆਂ ਨੇ ਬਾਜ਼ੀ ਡਰਾਅ ਖੇਡੀ
Saturday, Mar 02, 2024 - 07:53 PM (IST)
ਪ੍ਰਾਗ– ਭਾਰਤ ਦੇ ਤਿੰਨੇ ਖਿਡਾਰੀਆਂ ਆਰ. ਪ੍ਰਗਿਆਨੰਦਾ, ਡੀ. ਗੁਕੇਸ਼ ਤੇ ਵਿਦਿਤ ਗੁਜਰਾਤੀ ਨੇ ਪ੍ਰਾਗ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ ਚੌਥੇ ਦੌਰ ਵਿਚ ਆਪਣੀਆਂ ਬਾਜ਼ੀਆਂ ਡਰਾਅ ਖੇਡੀਆਂ। ਲਗਾਤਾਰ ਦੋ ਮੈਚਾਂ ਵਿਚ ਹਾਰ ਜਾਣ ਤੋਂ ਬਾਅਦ ਪ੍ਰਗਿਆਨੰਦਾ ਲਈ ਇਸ ਨੂੰ ਚੰਗੀ ਵਾਪਸੀ ਕਿਹਾ ਜਾ ਸਕਦਾ ਹੈ। ਇਸ ਭਾਰਤੀ ਖਿਡਾਰੀ ਨੇ ਸਥਾਨਕ ਖਿਡਾਰੀ ਨਗੁਯੇਨ ਥਾਈ ਦਾਈ ਵਾਨ ਦੇ ਨਾਲ ਅੰਕ ਵੰਡੇ। ਗੁਕੇਸ਼ ਨੇ ਉਜਬੇਕਿਸਤਾਨ ਦੇ ਨੋਦਿਰਬੇਕ ਅਬਦੁਸੱਤਾਰੋਵ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ ਅੰਕ ਵੰਡੇ ਜਦਕਿ ਗੁਜਰਾਤੀ ਪੋਲੈਂਡ ਦ ਮਾਟਿਊਸ ਬਾਰਟਲ ਨੂੰ ਖਾਸ ਚੁਣੌਤੀ ਪੇਸ਼ ਨਹੀਂ ਕਰ ਸਕਿਆ।
ਚੌਥੇ ਦੌਰ ਵਿਚ ਕਿਸੇ ਵੀ ਬਾਜ਼ੀ ਦਾ ਨਤੀਜਾ ਨਹੀਂ ਨਿਕਲਿਆ ਤੇ ਇਸ ਤਰ੍ਹਾਂ ਨਾਲ ਖਿਡਾਰੀਆਂ ਦੀ ਸਥਿਤੀ ਵਿਚ ਵੀ ਕੋਈ ਬਦਲਾਅ ਨਹੀਂ ਹੋਇਆ। ਈਰਾਨ ਦੇ ਪਰਹਮ ਮਘਸੂਦਲੂ ਨੇ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਜਦਕਿ ਰੋਮਾਨੀਆ ਦੇ ਰਿਚਰਡ ਰਾਪਰਟੋ ਨੇ ਜਰਮਨੀ ਦੇ ਵਿੰਸੇਟ ਕੀਮਰ ਦੇ ਨਾਲ ਬਾਜ਼ੀ ਡਰਾਅ ਖੇਡੀ। ਚੌਥੇ ਦੌਰ ਤੋਂ ਬਾਅਦ ਅਬਦੁਸੱਤਾਰੋਵ ਤੇ ਮਘਸੂਦਲੂ ਹੁਣ ਸੰਭਾਵਿਤ ਚਾਰ ਵਿਚੋਂ ਤਿੰਨ ਅੰਕ ਲੈ ਕੇ ਸਾਂਝੀ ਬੜ੍ਹਤ ’ਤੇ ਹੈ ਜਦਕਿ ਗੁਕੇਸ਼ ਤੇ ਰਾਪਰਟੋ ਢਾਈ-ਢਾਈ ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਗੁਜਰਾਤੀ 2 ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਉਹ ਪ੍ਰਗਿਆਨੰਦਾ, ਨਵਾਰਾ, ਦਾਈ ਵਾਨ ਤੇ ਕੀਮਰ ਤੋਂ ਅੱਧਾ ਅੰਕ ਅੱਗੇ ਹੈ। ਬਾਰਟਲ ਇਕ ਅੰਕ ਨਾਲ ਸਭ ਤੋਂ ਹੇਠਲੇ ਸਥਾਨ ’ਤੇ ਹੈ।