Practice Match : ਭਾਰਤੀ ਬੱਲੇਬਾਜ਼ਾਂ ਦਾ ਖ਼ਰਾਬ ਪ੍ਰਦਰਸ਼ਨ, ਭਾਰਤ ਮੈਚ ਹਾਰਿਆ
Thursday, Oct 13, 2022 - 06:03 PM (IST)
ਸਪੋਰਟਸ ਡੈਸਕ : ਭਾਰਤ ਅਤੇ ਵੈਸਟਰਨ ਆਸਟ੍ਰੇਲੀਆ ਦਰਮਿਆਨ ਪਰਥ 'ਚ ਖੇਡੇ ਗਏ ਦੂਜੇ ਪ੍ਰੈਕਟਿਸ ਮੈਚ 'ਚ ਭਾਰਤੀ ਬੱਲੇਬਾਜ਼ਾਂ ਦਾ ਖਰਾਬ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਪਹਿਲੇ ਪ੍ਰੈਕਟਿਸ ਮੈਚ 'ਚ ਬੱਲੇਬਾਜ਼ਾਂ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਸੀ, ਉਹ ਵੀਰਵਾਰ ਨੂੰ ਗਾਇਬ ਹੁੰਦਾ ਨਜ਼ਰ ਆਇਆ। ਕੇ. ਐੱਲ. ਰਾਹੁਲ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਆਪਣੀ ਛਾਪ ਨਹੀਂ ਛੱਡ ਸਕਿਆ। ਇਸ ਮੈਚ 'ਚ ਪਹਿਲਾਂ ਖੇਡਦੇ ਹੋਏ ਵੈਸਟਨ ਆਸਟ੍ਰੇਲੀਆ ਨੇ 20 ਓਵਰਾਂ 'ਚ 8 ਵਿਕਟਾਂ 'ਤੇ 168 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਭਾਰਤੀ ਟੀਮ 20 ਓਵਰਾਂ 'ਚ 132 ਦੌੜਾਂ ਹੀ ਬਣਾ ਸਕੀ।
ਨਹੀਂ ਚਲ ਰਹਾ ਪੰਤ ਦਾ ਬੱਲਾ
ਇੱਕ ਵਾਰ ਫਿਰ ਰਿਸ਼ਭ ਪੰਤ ਦਾ ਬੱਲਾ ਸ਼ਾਂਤ ਰਿਹਾ। ਉਸ ਨੇ 11 ਗੇਂਦਾਂ ਵਿੱਚ 9 ਦੌੜਾਂ ਬਣਾਈਆਂ । 10 ਅਕਤੂਬਰ ਨੂੰ ਖੇਡੇ ਗਏ ਪਹਿਲੇ ਅਭਿਆਸ ਮੈਚ ਵਿੱਚ ਵੀ ਪੰਤ ਸਿਰਫ਼ 9 ਦੌੜਾਂ ਬਣਾ ਕੇ ਰਹਿ ਗਏ ਸਨ। ਉਹ ਇਸ ਸਮੇਂ ਪਰਥ ਦੀ ਪਿੱਚ 'ਤੇ ਸੰਘਰਸ਼ ਕਰਦਾ ਲੱਗ ਰਿਹਾ ਹੈ। ਦਿਨੇਸ਼ ਕਾਰਤਿਕ ਵੀ ਜ਼ਿਆਦਾ ਕੁਝ ਨਹੀਂ ਕਰ ਸਕੇ ਅਤੇ 14 ਗੇਂਦਾਂ 'ਤੇ ਸਿਰਫ 10 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਕੇ. ਐੱਲ. ਰਾਹੁਲ ਨੇ ਅਰਧ ਸੈਂਕੜਾ ਜੜ ਦਿੱਤਾ। ਰਾਹੁਲ ਨੇ 55 ਗੇਂਦਾਂ 'ਤੇ 74 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 9 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਹਾਲਾਂਕਿ ਰਾਹੁਲ ਵੀ ਸੰਘਰਸ਼ ਕਰਦੇ ਨਜ਼ਰ ਆਏ। ਉਸ ਨੇ ਪਹਿਲੀਆਂ 39 ਦੌੜਾਂ 39 ਗੇਂਦਾਂ 'ਚ ਬਣਾਈਆਂ ਪਰ ਆਖਰੀ 35 ਦੌੜਾਂ ਆਪਣੀ ਪਾਰੀ ਦੀਆਂ 16 ਗੇਂਦਾਂ 'ਤੇ ਬਣਾਈਆਂ।
ਇਹ ਵੀ ਪੜ੍ਹੋ : T20 WC 2022 : ਭਾਰਤ-ਪਾਕਿ ਮੈਚ ਦਾ ਕ੍ਰੇਜ਼ ; 50 ਗੁਣਾ ਮਹਿੰਗੀਆਂ ਵਿਕ ਰਹੀਆਂ ਨੇ ਟਿਕਟਾਂ
ਆਲਰਾਊਂਡਰ ਹਾਰਦਿਕ ਪੰਡਯਾ ਨੇ 9 ਗੇਂਦਾਂ 'ਚ 17 ਦੌੜਾਂ ਬਣਾਈਆਂ। ਪੰਡਯਾ ਗੇਂਦਬਾਜ਼ੀ ਵੀ ਕਰਦੇ ਨਜ਼ਰ ਆਏ। ਉਸ ਨੇ 2 ਓਵਰਾਂ 'ਚ 17 ਦੌੜਾਂ ਦਿੱਤੀਆਂ। ਇਸ ਤੋਂ ਪਹਿਲਾਂ ਰਵੀਚੰਦਰਨ ਅਸ਼ਵਿਨ ਨੇ ਵੈਸਟਰਨ ਆਸਟ੍ਰੇਲੀਆ ਦੇ ਬੱਲੇਬਾਜ਼ਾਂ 'ਤੇ ਨਕੇਲ ਕੱਸਣ ਦਾ ਕੰਮ ਕੀਤਾ। ਅਸ਼ਵਿਨ ਨੇ 32 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਹਰਸ਼ਲ ਪਟੇਲ ਨੇ 27 ਦੌੜਾਂ ਦੇ ਕੇ 2 ਵਿਕਟਾਂ ਲਈਆਂ, ਜਦਕਿ ਅਰਸ਼ਦੀਪ ਨੂੰ 1 ਵਿਕਟ ਮਿਲੀ।
ਪੰਤ ਦੀ ਫਾਰਮ ਚਿੰਤਾ ਦਾ ਵਿਸ਼ਾ ਬਣੀ
ਜ਼ਿਕਰਯੋਗ ਹੈ ਕਿ ਪੰਤ ਦੀ ਫਾਰਮ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤ ਆਪਣਾ ਪਹਿਲਾ ਮੈਚ 23 ਅਕਤੂਬਰ ਨੂੰ ਪਾਕਿਸਤਾਨ ਖਿਲਾਫ ਖੇਡੇਗਾ। ਹਾਲਾਂਕਿ ਪੰਤ ਕੋਲ ਇੱਥੇ ਤੇਜ਼ ਪਿੱਚਾਂ ਨੂੰ ਸਮਝਣ ਲਈ ਅਜੇ ਕਰੀਬ 9 ਦਿਨ ਬਾਕੀ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।