ਰੋਨਾਲਡੋ ਦੇ ਦੋ ਗੋਲਾਂ ਨਾਲ ਪੁਰਤਗਾਲ ਦੀ ਵੱਡੀ ਜਿੱਤ, ਰੋਮਾਨੀਆ ਤੇ ਕੋਸੋਵੋ ਦਾ ਮੈਚ ਰੱਦ
Sunday, Nov 17, 2024 - 12:22 PM (IST)

ਮੈਡ੍ਰਿਡ– ਸਟਾਰ ਸਟ੍ਰਾਈਕਰ ਕ੍ਰਿਸਟਿਆਨੋ ਰੋਨਾਲਡੋ ਦੇ ਦੋ ਗੋਲਾਂ ਦੀ ਮਦਦ ਨਾਲ ਪੁਰਤਗਾਲ ਨੇ ਪੋਲੈਂਡ ਨੂੰ 5-1 ਨਾਲ ਹਰਾ ਕੇ ਨੇਸ਼ਨਸ ਲੀਗ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ। ਸਕਾਟਲੈਂਡ ਨੇ ਕ੍ਰੋਏਸ਼ੀਆ ਨੂੰ 1-0 ਨਾਲ ਹਰਾ ਕੇ 9 ਮੈਚਾਂ ਵਿਚ ਆਪਣੀ ਪਹਿਲੀ ਜਿੱਤ ਦਰਜ ਕਰਕੇ ਟੂਰਨਾਮੈਂਟ ਦੇ ਚੋਟੀ ਪੱਧਰ ’ਤੇ ਬਣੇ ਰਹਿਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ।
ਇਸ ਵਿਚਾਲੇ ਬੁਖਾਰੇਸਟ ਵਿਚ ਰੋਮਾਨੀਆ ਤੇ ਕੋਸੋਵੋ ਵਿਚਾਲੇ ਮੈਚ ਨੂੰ ਇੰਜਰੀ ਟਾਈਮ ਵਿਚ ਰੋਕ ਦਿੱਤਾ ਗਿਆ ਤੇ ਬਾਅਦ ਵਿਚ ਇਸ ਨੂੰ ਗੋਲ ਰਹਿਤ ਡਰਾਅ ’ਤੇ ਰੱਦ ਕਰ ਦਿੱਤਾ ਗਿਆ। ਦੋਵੇਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਹੱਥੋਪਾਈ ਹੋਈ ਤੇ ਕੋਸੋਵੋ ਦੇ ਖਿਡਾਰੀ ਮੈਦਾਨ ਵਿਚੋਂ ਬਾਹਰ ਚਲੇ ਗਏ। ਯੂਰਪੀਅਨ ਫੁੱਟਬਾਲ ਦੀ ਸਰਵਉੱਚ ਸੰਸਥਾ ਯੂ. ਈ. ਐੱਫ. ਏ. ਨੇ ਇਹ ਨਹੀਂ ਦੱਸਿਆ ਕਿ ਖੇਡ ਨੂੰ ਵਿਚਾਲੇ ਵਿਚ ਕਿਉਂ ਰੋਕਿਆ ਗਿਆ ਪਰ ਕਥਿਤ ਤੌਰ ’ਤੇ ਕੋਸੋਵੋ ਦੇ ਖਿਡਾਰੀ ਸਰਬੀਆਈ ਸਮਰਥਕਾਂ ਦੇ ਨਾਅਰੇ ਸੁਣ ਕੇ ਨਾਰਾਜ਼ ਸਨ।
ਇਸ ਫੁੱਟਬਾਲ ਸੰਸਥਾ ਨੇ ਆਪਣੀ ਵੈੱਬਸਾਈਟ ’ਤੇ ਜਾਰੀ ਬਿਆਨ ਵਿਚ ਕਿਹਾ, ‘‘ਰੋਮਾਨੀਆ ਤੇ ਕੋਸੋਵੋ ਵਿਚਾਲੇ ਯੂ. ਈ. ਐੱਫ. ਏ. ਨੇਸ਼ਨਸ ਲੀਗ ਮੈਚ ਰੱਦ ਕਰ ਦਿੱਤਾ ਗਿਆ ਹੈ। ਯੂ. ਈ. ਐੱਫ. ਏ. ਸਹੀ ਸਮੇਂ ’ਤੇ ਅੱਗੇ ਦੀ ਜਾਣਕਾਰੀ ਦੇਵੇਗਾ।’’
ਗਰੁੱਪ-ਏ 4 ਵਿਚ ਪਹਿਲਾਂ ਹੀ ਆਪਣਾ ਪਹਿਲਾ ਸਥਾਨ ਤੈਅ ਕਰ ਚੁੱਕੇ ਸਪੇਨ ਨੇ ਕੋਪੋਨਹੇਗਨ ਵਿਚ ਡੈੱਨਮਾਰਕ ਨੂੰ 2-1 ਨਾਲ ਹਰਾਇਆ। ਫਰਾਂਸ, ਇਟਲੀ, ਜਰਮਨੀ, ਸਪੇਨ ਤੇ ਪੁਰਤਗਾਲ ਕੁਆਰਟਰ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਹਨ। ਰੋਨਾਲਡੋ ਨੇ ਪੋਰਟੋ ਵਿਚ ਖੇਡੇ ਗਏ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਉਸ ਨੂੰ ਮੈਚ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ। ਉਸ ਨੇ ਪੈਨਲਟੀ ਕਿੱਕ ’ਤੇ ਆਪਣੇ ਕੌਮਾਂਤਰੀ ਕਰੀਅਰ ਦਾ 134ਵਾਂ ਗੋਲ ਕੀਤਾ ਤੇ ਫਿਰ ਕੁਝ ਦੇਰ ਬਾਅਦ ਓਵਰਹੈੱਡ ਕਿੱਕ ’ਤੇ ਗੋਲ ਕਰਕੇ ਪੁਰਤਗਾਲ ਵੱਲੋਂ ਆਪਣੇ ਕੁੱਲ ਗੋਲਾਂ ਦੀ ਗਿਣਤੀ 135 ’ਤੇ ਪਹੁੰਚਾ ਦਿੱਤੀ। ਪੋਲੈਂਡ ਦੀ ਇਸ ਹਾਰ ਨਾਲ ਕੁਆਰਟਰ ਫਾਈਨਲ ਵਿਚ ਪਹੁੰਚਣ ਦੀਆਂ ਉਸਦੀਆਂ ਉਮੀਦਾਂ ਖਤਮ ਹੋ ਗਈਆਂ ਹਨ।