IND v WI : ਦੂਜੇ ਟੀ20 ਮੈਚ ''ਚ ਵਿੰਡੀਜ਼ ਕਪਤਾਨ ਪੋਲਾਰਡ ਬਣਾਉਣਗੇ ਇਹ ਵੱਡਾ ਰਿਕਾਰਡ
Friday, Feb 18, 2022 - 07:59 PM (IST)
ਕੋਲਕਾਤਾ- ਵੈਸਟਇੰਡੀਜ਼ ਦੀ ਸਫੇਦ ਗੇਂਦ ਕ੍ਰਿਕਟ ਟੀਮ ਦੇ ਕਪਤਾਨ ਕੀਰੋਨ ਪੋਲਾਰਡ ਅੱਜ ਰਾਤ ਨੂੰ ਕੋਲਕਾਤਾ ਦੇ ਈਡਨ ਗਾਰਡਨਸ ਕ੍ਰਿਕਟ ਗਰਾਊਂਡ 'ਤੇ ਆਪਣਾ 100ਵਾਂ ਟੀ-20 ਅੰਤਰਰਾਸ਼ਟਰੀ ਮੈਚ ਖੇਡਣਗੇ। ਉਹ ਪੁਰਸ਼ ਕ੍ਰਿਕਟ ਵਿਚ ਇਹ ਉਪਲੱਬਧੀ ਹਾਸਲ ਕਰਨ ਵਾਲੇ ਵੈਸਟਇੰਡੀਜ਼ ਦੇ ਪਹਿਲੇ ਅਤੇ ਦੁਨੀਆ ਦੇ 9ਵੇਂ ਖਿਡਾਰੀ ਹੋਣਗੇ।
ਪੋਲਾਰਡ ਨੇ ਹੁਣ ਤੱਕ ਖੇਡੇ 99 ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ ਬੱਲੇ ਅਤੇ ਗੇਂਦ ਦੋਵਾਂ ਦੇ ਨਾਲ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਜਿੱਥੇ ਬੱਲੇਬਾਜ਼ੀ ਵਿਚ 25.59 ਦੀ ਔਸਤ ਨਾਲ 6 ਅਰਧ ਸੈਂਕੜਿਆਂ ਸਮੇਤ ਕੁੱਲ 1561 ਦੌੜਾਂ ਬਣਾਈਆਂ ਹਨ, ਇਸ ਦੇ ਨਾਲ ਗੇਂਦਬਾਜ਼ੀ ਵਿਚ 27.95 ਦੀ ਔਸਤ ਨਾਲ 42 ਵਿਕਟਾਂ ਹਾਸਲ ਕੀਤੀਆਂ। ਉਸਦਾ ਸਰਵਸ੍ਰੇਸ਼ਠ ਬੱਲੇਬਾਜ਼ੀ ਪ੍ਰਦਰਸ਼ਨ 75 ਦੌੜਾਂ, ਜਦਕਿ ਸਰਵਸ੍ਰੇਸ਼ਠ ਗੇਂਦਬਾਜ਼ੀ ਪ੍ਰਦਰਸ਼ਨ 25 ਦੌੜਾਂ 'ਤੇ 4 ਵਿਕਟਾਂ ਹਨ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਅਨੁਭਵੀ ਐਂਡ ਸੀਨੀਅਰ ਖਿਡਾਰੀ ਸ਼ੋਏਬ ਮਲਿਕ ਨੇ ਹੁਣ ਤੱਕ ਸਭ ਤੋਂ ਜ਼ਿਆਦਾ 124 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਜਿਸ ਵਿਚ ਉਨ੍ਹਾਂ ਨੇ 2435 ਦੌੜਾਂ ਬਣਾਈਆਂ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 120 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ ਉਹ 3237 ਦੌੜਾਂ ਦੇ ਨਾਲ ਵਿਸ਼ਵ ਦੇ ਦੂਜੇ ਸਭ ਤੋਂ ਜ਼ਿਆਦਾ ਟੀ-20 ਦੌੜਾਂ ਸਕੋਰਰ ਹਨ। ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ 112 ਮੈਚਾਂ ਵਿਚ 3299 ਦੌੜਾਂ ਦੇ ਨਾਲ ਸਭ ਤੋਂ ਜ਼ਿਆਦਾ ਟੀ-20 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।