PCA ’ਚ ਦਬਾਉਣ ਦੀ ਰਾਜਨੀਤੀ ਹੋ ਚੁੱਕੀ ਹੈ ਸ਼ੁਰੂ, 2 ਦਾਗੀ, ਤੀਜੇ ਦਾਗੀ ਨੂੰ ਲਿਆਉਣ ਦੀ ਤਾਕ ਵਿਚ
Saturday, Nov 05, 2022 - 12:48 AM (IST)
ਜਲੰਧਰ (ਵਿਸ਼ੇਸ਼)-ਕੋਈ ਵੀ ਸੰਸਥਾ ਭਾਵੇਂ ਉਹ ਜ਼ਿਲੇ ਦੀ ਹੋਵੇ, ਸੂਬੇ ਦੀ ਹੋਵੇ ਜਾਂ ਦੇਸ਼ ਦੀ ਹੋਵੇ, ਉਸ ਦੀ ਸਾਖ ਉਦੋਂ ਬਣਦੀ ਹੈ ਜਦੋਂ ਉਸ ਦੇ ਖਿਡਾਰੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਇਹ ਸਿਧਾਂਤ ਹਰ ਸੰਸਥਾ ਅਤੇ ਉਸ ਦੀ ਖੇਡ ਨਾਲ ਜੁੜਿਆ ਹੈ। ਹੋਰ ਖੇਡਾਂ ਦੇ ਮੁਕਾਬਲੇ ਕ੍ਰਿਕਟ ਵੱਲ ਜ਼ਿਆਦਾਤਰ ਖਿਡਾਰੀ ਇਸ ਲਈ ਭੱਜਦੇ ਹਨ ਕਿਉਂਕਿ ਇਸ ਵਿਚ ਬਹੁਤ ਪੈਸਾ ਹੈ। ਖਿਡਾਰੀਆਂ ਦੇ ਨਾਲ-ਨਾਲ ਅਧਿਕਾਰੀ ਵੀ ਇਸ ਕ੍ਰਿਕਟ ਨਾਲ ਜੁੜੇ ਰਹਿਣ ਲਈ ਲੜਾਈ-ਝਗੜੇ ਦੀ ਨੌਬਤ ਤਕ ਪਹੁੰਚ ਜਾਂਦੇ ਹਨ ਕਿਉਂਕਿ ਇਸ ’ਚ ਪੈਸਾ ਆਸਾਨੀ ਨਾਲ ਮਿਲ ਜਾਂਦਾ ਹੈ। ਟੀਮ ਸਿਲੈਕਸ਼ਨ ’ਚ ਭੇਦਭਾਵ ਅਤੇ ਮੈਚਾਂ ’ਤੇ ਸੱਟੇਬਾਜ਼ੀ ਦਾ ਸ਼ੌਕ ਨਾਜਾਇਜ਼ ਆਮਦਨ ਦੇ ਮੁੱਖ ਸਰੋਤ ਹਨ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ’ਚ ਜ਼ਿਆਦਾਤਰ ਉਹੀ ਲੋਕ ਹੁੰਦੇ ਹਨ, ਜਿਨ੍ਹਾਂ ਦਾ ਕ੍ਰਿਕਟ ਨਾਲ ਕੋਈ ਖਾਸ ਸਬੰਧ ਹੁੰਦਾ। ਹੁਣ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਵਿਚ ਜੋ ਕੁਝ ਹੋ ਰਿਹਾ ਹੈ, ਉਸ ਮੁਤਾਬਕ ਸੱਟੇਬਾਜ਼ਾਂ ਨਾਲ ਮਿਲ ਕੇ ਪ੍ਰਮੁੱਖ ਸਲਾਹਕਾਰ ਟੀਮਾਂ ਦੇ ਕੋਚ, ਸਿਲੈਕਟਰ ਅਤੇ ਖੇਡਣ ਵਾਲੇ ਖਿਡਾਰੀ ਆਪਣੀ ਮਰਜ਼ੀ ਨਾਲ ਚੁਣ ਰਹੇ ਹਨ। ਕਈ ਮਾਂ-ਬਾਪ ਆਪਣੀ ਛਾਤੀ ਪਿੱਟ ਰਹੇ ਹਨ ਕਿ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਉਨ੍ਹਾਂ ਦੇ ਬੱਚੇ ਸੂਬੇ ਦੀ ਟੀਮ ਵਿਚ ਸਿਲੈਕਟ ਨਹੀਂ ਹੁੰਦੇ।
ਸਿਲੈਕਟ ਸਿਰਫ ਉਹੀ ਹੁੰਦੇ ਹਨ, ਜੋ ਪ੍ਰਭਾਵਸ਼ਾਲੀ ਹਨ ਜਾਂ ਪੈਸੇ ਵਾਲੇ ਹਨ ਜੋ ਲੱਖਾਂ ਰੁਪਏ ਖਰਚ ਕੇ ਆਪਣੇ ਬੱਚਿਆਂ ਨੂੰ ਕਿਸੇ ਦਾ ਹੱਕ ਮਾਰ ਕੇ ਟੀਮ ਵਿਚ ਆਪਣੀ ਜਗ੍ਹਾ ਬਣਾ ਲੈਂਦੇ ਹਨ। ਜਦੋਂ ਇਸ ਤਰ੍ਹਾਂ ਦੇ ਪੈਸੇ ਦੀ ਖੇਡ ਐਸੋਸੀਏਸ਼ਨਾਂ ਵਿਚ ਸ਼ਰੇਆਮ ਚੱਲਣ ਲੱਗੇ ਤਾਂ ਸਮਝੋ ਕਿ ਖੇਡਾਂ ਵਿਚ ਸਿਆਸਤ ਅਤੇ ਦਬਾਉਣ ਦਾ ਚੱਕਰ ਸ਼ੁਰੂ ਹੋ ਜਾਂਦਾ ਹੈ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਬੇਈਮਾਨ ਦਾਗੀ ਨੂੰ ਬਚਾਉਣ ਲਈ ਈਮਾਨਦਾਰ ਦਾਗੀ ਅੱਗੇ ਆਉਣ ਲੱਗਦੇ ਹਨ। ਸਮੱਸਿਆ ਦੀ ਗੱਲ ਤਾਂ ਇਹ ਹੈ ਕਿ ਈਮਾਨਦਾਰ ਦਾਗੀ ਪ੍ਰਮੁੱਖ ਸਲਾਹਕਾਰ ਪੰਜਾਬ ਪ੍ਰੀਮੀਅਮ ਲੀਗ ਦਾ ਕੰਟਰੈਕਟ ਇਕ ਅਜਿਹੀ ਕੰਪਨੀ ਨੂੰ ਦਿਵਾਉਣ ਲਈ ਹੱਥ-ਪੈਰ ਮਾਰ ਰਹੇ ਰਿਹਾ ਹੈ ਅਤੇ ਪੀ. ਸੀ. ਏ. ’ਤੇ ਦਬਾਅ ਪਾ ਰਿਹਾ ਹੈ ਕਿ ਇਕ ਖਾਸ ਕੰਪਨੀ ਨੂੰ ਕੰਟਰੈਕਟ ਦੇਵੋ, ਜਿਸ ਦਾ ਮੁੱਖ ਕਾਰੋਬਾਰ ਸੱਟੇਬਾਜ਼ੀ ਕਰਨਾ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ 2 ਦਾਗੀ ਤੀਜੇ ਦਾਗੀ ਨੂੰ ਵੀ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ।