ਭਾਰਤ ਵੱਲੋਂ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਖ਼ਿਤਾਬ ਜਿੱਤਣ ’ਤੇ PM ਮੋਦੀ ਨੇ ਦਿੱਤੀ ਵਧਾਈ

06/11/2023 9:44:51 PM

ਨਵੀਂ ਦਿੱਲੀ : ਭਾਰਤ ਨੇ ਐਤਵਾਰ ਨੂੰ ਕਾਕਾਮਿਗਾਹਾਰਾ ਵਿਖੇ 4 ਵਾਰ ਦੀ ਚੈਂਪੀਅਨ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਮਹਿਲਾ ਜੂਨੀਅਰ ਹਾਕੀ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਭਾਰਤ ਲਈ ਅਨੂ ਅਤੇ ਨੀਲਮ ਨੇ ਗੋਲ ਕੀਤੇ, ਜਦਕਿ ਕੋਰੀਆ ਲਈ ਪਾਰਕ ਸਿਓ ਯੋਨ ਨੇ ਇਕਲੌਤਾ ਗੋਲ ਕੀਤਾ। ਪਹਿਲੇ ਕੁਆਰਟਰ 'ਚ ਬਰਾਬਰ ਰਹਿਣ ਤੋਂ ਬਾਅਦ ਭਾਰਤ ਨੇ 22ਵੇਂ ਮਿੰਟ ਵਿੱਚ ਅਨੂ ਦੇ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਬੜ੍ਹਤ ਬਣਾ ਲਈ।

ਜਾਪਾਨ ਦੇ ਖ਼ਿਲਾਫ਼ ਸੈਮੀਫਾਈਨਲ ਦੀ ਨਿਰਾਸ਼ਾ ਨੂੰ ਪਿੱਛੇ ਛੱਡਦਿਆਂ ਅਨੂ ਨੇ ਗੋਲਕੀਪਰ ਦੇ ਖੱਬੇ ਪਾਸੇ ਤੋਂ ਗੋਲ ਕਰਦਿਆਂ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ। ਹਾਲਾਂਕਿ, ਪਾਰਕ ਸਿਓ ਯੇਨ ਦੇ ਗੋਲ ਦੀ ਬਦੌਲਤ ਦੱਖਣੀ ਕੋਰੀਆ ਨੇ 3 ਮਿੰਟਾਂ ਬਾਅਦ 1-1 ਨਾਲ ਬਰਾਬਰੀ ਕਰ ਲਈ। ਨੀਲਮ ਨੇ 41ਵੇਂ ਮਿੰਟ ਵਿੱਚ ਦੱਖਣੀ ਕੋਰੀਆ ਦੇ ਗੋਲਕੀਪਰ ਦੇ ਸੱਜੇ ਪਾਸੇ ਤੋਂ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ, ਜੋ ਫ਼ੈਸਲਾਕੁੰਨ ਸਕੋਰ ਸਾਬਤ ਹੋਇਆ। ਭਾਰਤੀ ਟੀਮ ਨੇ ਫਿਰ ਆਖਰੀ ਕੁਆਰਟਰ ਵਿੱਚ ਆਪਣੀ ਬੜ੍ਹਤ ਬਰਕਰਾਰ ਰੱਖੀ ਅਤੇ ਜਿੱਤ ਦਰਜ ਕੀਤੀ। ਦੱਖਣੀ ਕੋਰੀਆ ਨੂੰ ਪੈਨਲਟੀ ਕਾਰਨਰ ਦੇ ਰੂਪ 'ਚ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਟੀਮ ਇਸ ਦਾ ਫਾਇਦਾ ਨਹੀਂ ਉਠਾ ਸਕੀ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ੀਆ ਕੱਪ ਜਿੱਤਣ 'ਤੇ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ, “2023 ਮਹਿਲਾ ਹਾਕੀ ਜੂਨੀਅਰ ਏਸ਼ੀਆ ਕੱਪ ਜਿੱਤਣ 'ਤੇ ਸਾਡੇ ਨੌਜਵਾਨ ਚੈਂਪੀਅਨਜ਼ ਨੂੰ ਵਧਾਈ! ਟੀਮ ਨੇ ਅਥਾਹ ਦ੍ਰਿੜ੍ਹਤਾ, ਪ੍ਰਤਿਭਾ ਅਤੇ ਟੀਮ ਵਰਕ ਦਿਖਾਇਆ ਹੈ। ਉਨ੍ਹਾਂ ਨੇ ਸਾਡੇ ਦੇਸ਼ ਨੂੰ ਬਹੁਤ ਮਾਣ ਬਖਸ਼ਿਆ ਹੈ। ਉਨ੍ਹਾਂ ਦੇ ਅਗਲੇ ਯਤਨਾਂ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ।''


Mukesh

Content Editor

Related News