ਬਿੱਗ ਬੈਸ਼ 'ਚ ਖੇਡਣ ਨਾਲ ਮਾਨਸਿਕਤਾ ਵਿਚ ਬਦਲਾਅ ਆਇਆ : ਹਰਮਨਪ੍ਰੀਤ

07/15/2020 8:47:53 PM

ਨਵੀਂ ਦਿੱਲੀ– ਭਾਰਤੀ ਮਹਿਲਾ ਟੀ-20 ਟੀਮ ਦੀ ਕਪਤਾਨ ਤੇ ਧਮਾਕੇਦਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਆਸਟਰੇਲੀਆ ਦੇ ਘਰੇਲੂ ਟੂਰਨਾਮੈਂਟ ਬਿੱਗ ਬੈਸ਼ ਲੀਗ ਵਿਚ ਖੇਡਣ ਨਾਲ ਉਸਦੀ ਮਾਨਸਿਕਤਾ ਵਿਚ ਕਾਫੀ ਬਦਲਾਅ ਆਇਆ ਹੈ। ਹਰਮਨਪ੍ਰੀਤ ਭਾਰਤੀ ਮਹਿਲਾ ਟੀਮ ਦੀ ਪਹਿਲੀ ਖਿਡਾਰੀ ਸੀ, ਜਿਸ ਨੇ ਇਸ ਟੀ-20 ਲੀਗ ਵਿਚ ਸਿਡਨੀ ਥੰਡਰ ਵਲੋਂ ਹਿੱਸਾ ਲਿਆ ਸੀ। ਹਰਮਨਪ੍ਰੀਤ ਦਾ ਮੰਨਣਾ ਹੈ ਕਿ ਇਸ ਵਿਚ ਹਿੱਸਾ ਲੈਣ ਨਾਲ ਫਿਟਨੈੱਸ ਤੇ ਟ੍ਰੇਨਿੰਗ ਸਮਰੱਥਾ ਦੇ ਮਾਪਦੰਡ ਵਿਚ ਵੀ ਕਾਫੀ ਬਦਲਾਅ ਆਇਆ ਹੈ।

PunjabKesari
ਹਰਮਨਪ੍ਰੀਤ ਨੇ ਕਿਹਾ,''ਮੈਂ ਇਹ ਕਹਿ ਸਕਦੀ ਹਾਂ ਕਿ ਪਹਿਲਾਂ ਦੀ ਤੁਲਨਾ ਵਿਚ ਮੇਰੀ ਮਾਨਸਿਕਤਾ ਵਿਚ ਵੱਡਾ ਬਦਲਾਅ ਆਇਆ ਹੈ। ਮੈਨੂੰ ਨਹੀਂ ਪਤਾ ਕਿ ਅਸੀਂ ਪਹਿਲਾਂ ਕਿਉਂ ਆਪਣੀਆਂ ਸਹੂਲਤਾਂ ਦੇ ਹਿਸਾਬ ਨਾਲ ਖੇਡਦੇ ਸੀ ਤੇ ਸਹੂਲਤਾਂ ਅਨੁਸਾਰ ਸਕੋਰ ਬਣਾਉਂਦੇ ਸੀ ਪਰ ਬਿੱਗ ਬੈਸ਼ ਨੇ ਮੇਰੇ ਤਜਰਬੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।'' ਉਸ ਨੇ ਕਿਹਾ,''ਮੈਨੂੰ ਉਥੇ ਵੱਖ-ਵੱਖ ਖਿਡਾਰਨਾਂ ਨਾਲ ਖੇਡਣ ਦਾ ਮੌਕਾ ਮਿਲਦਾ ਹੈ, ਜਿਨ੍ਹਾਂ ਨੂੰ ਮੈਂ ਜਾਣਦੀ ਵੀ ਨਹੀਂ ਸੀ। ਇਨ੍ਹਾਂ ਖਿਡਾਰਨਾਂ ਦੇ ਨਾਲ ਇਕ ਮਹੀਨੇ ਤੋਂ ਵੀ ਵੱਧ ਸਮੇਂ ਤਕ ਰਹਿਣਾ ਤੇ ਖੇਡਣਾ ਪੈਂਦਾ ਹੈ। ਅਸੀਂ ਪਹਿਲਾਂ ਸਿਰਫ ਆਪਣੀਆਂ ਖਿਡਾਰਨਾਂ ਨਾਲ ਹੀ ਖੇਡਦੇ ਸੀ ਪਰ ਉਥੇ ਜਾ ਕੇ ਸਵੇਰ ਤੋਂ ਸ਼ਾਮ ਤਕ ਖੇਡਣਾ ਪੈਂਦਾ ਹੈ, ਜਿਸ ਤੋਂ ਮੈਂ ਕਾਫੀ ਕੁਝ ਸਿੱਖਿਆ।'' ਉਸ ਨੇ ਕਿਹਾ, ''ਅਸੀਂ ਭਾਰਤ ਵਿਚ ਸਮੇਂ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੇ ਕਿ ਅਸੀਂ ਕਦੋਂ ਟ੍ਰੇਨਿੰਗ ਕਰਨੀ ਹੈ ਤੇ ਕਦੋਂ ਮੈਦਾਨ ਵਿਚੋਂ ਬਾਹਰ ਜਾਣਾ ਹੈ। ਅਸੀਂ ਅਜਿਹਾ ਨਹੀਂ ਕਰਦੇ ਹਾਂ ਪਰ ਅਸੀਂ ਜਦੋਂ ਉੱਥੇ ਜਾਂਦੇ ਹਾਂ ਤਾਂ ਸਭ ਚੀਜ਼ਾਂ ਕਰਦੇ ਹਾਂ, ਉਥੇ ਵੱਖਰੇ ਤਰ੍ਹਾਂ ਦਾ ਦਬਾਅ ਹੁੰਦਾ ਹੈ।''


Gurdeep Singh

Content Editor

Related News