ਦੇਸ਼ ਲਈ ਖੇਡਣ ਵਾਲੇ ਖਿਡਾਰੀਆਂ ਨੂੰ ਘਰੇਲੂ ਕ੍ਰਿਕਟ ''ਚ ਖੁਦ ਨੂੰ ਸਾਬਤ ਕਰਨਾ ਹੋਵੇਗਾ : ਜੈ ਸ਼ਾਹ

Sunday, Feb 18, 2024 - 06:52 PM (IST)

ਦੇਸ਼ ਲਈ ਖੇਡਣ ਵਾਲੇ ਖਿਡਾਰੀਆਂ ਨੂੰ ਘਰੇਲੂ ਕ੍ਰਿਕਟ ''ਚ ਖੁਦ ਨੂੰ ਸਾਬਤ ਕਰਨਾ ਹੋਵੇਗਾ : ਜੈ ਸ਼ਾਹ

ਮੁੰਬਈ (ਵਾਰਤਾ) ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਕੇਂਦਰੀ ਕਰਾਰ ਵਾਲੇ ਭਾਰਤੀ ਖਿਡਾਰੀਆਂ ਨੂੰ ਕਿਹਾ ਹੈ ਕਿ ਜੇਕਰ ਉਹ ਭਾਰਤ ਲਈ ਖੇਡਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਘਰੇਲੂ ਕ੍ਰਿਕਟ 'ਚ ਖੁਦ ਨੂੰ ਸਾਬਤ ਕਰਨਾ ਹੋਵੇਗਾ। ਸ਼ਾਹ ਨੇ ਇਸ ਹਫਤੇ ਦੇ ਸ਼ੁਰੂ 'ਚ ਖਿਡਾਰੀਆਂ ਨੂੰ ਲਿਖੇ ਪੱਤਰ 'ਚ ਕਿਹਾ ਸੀ ਕਿ ਬੋਰਡ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੀ ਸਫਲਤਾ 'ਤੇ ਮਾਣ ਹੈ ਪਰ ਘਰੇਲੂ ਕ੍ਰਿਕਟ 'ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਨੂੰ ਪਹਿਲ ਦੇਣ ਦਾ ਖਿਡਾਰੀਆਂ ਦਾ ਰੁਝਾਨ ਚਿੰਤਾ ਦਾ ਕਾਰਨ ਹੈ।  

ਉਨ੍ਹਾਂ ਨੇ ਲਿਖਿਆ, ''ਕੁਝ ਖਿਡਾਰੀਆਂ ਨੇ ਘਰੇਲੂ ਕ੍ਰਿਕਟ ਨਾਲੋਂ IPL ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ। ਇਹ ਇੱਕ ਰੁਝਾਨ ਵਜੋਂ ਉੱਭਰਨਾ ਸ਼ੁਰੂ ਹੋ ਗਿਆ ਹੈ ਅਤੇ ਇਹ ਸਾਡੇ ਲਈ ਚਿੰਤਾ ਦਾ ਕਾਰਨ ਹੈ। ਅਸੀਂ ਕਦੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਉਮੀਦ ਨਹੀਂ ਕੀਤੀ ਸੀ। ਘਰੇਲੂ ਕ੍ਰਿਕੇਟ ਹਮੇਸ਼ਾ ਹੀ ਉਹ ਨੀਂਹ ਰਹੀ ਹੈ ਜਿਸ ਉੱਤੇ ਭਾਰਤੀ ਕ੍ਰਿਕਟ ਖੜਾ ਹੈ। ਅਸੀਂ ਕਦੇ ਵੀ ਇਸ ਟੂਰਨਾਮੈਂਟ ਨੂੰ ਘੱਟ ਮਹੱਤਵ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। 

ਉਸ ਨੇ ਕਿਹਾ, ''ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਘਰੇਲੂ ਕ੍ਰਿਕਟ ਭਾਰਤੀ ਕ੍ਰਿਕਟ ਦੀ ਰੀੜ੍ਹ ਦੀ ਹੱਡੀ ਹੈ। ਇਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਭਾਰਤੀ ਟੀਮ ਨੂੰ ਨਵੀਂ ਪ੍ਰਤਿਭਾ ਦੇ ਰਿਹਾ ਹੈ। ਭਾਰਤੀ ਕ੍ਰਿਕਟ ਲਈ ਸਾਡਾ ਨਜ਼ਰੀਆ ਸ਼ੁਰੂ ਤੋਂ ਹੀ ਸਪੱਸ਼ਟ ਰਿਹਾ ਹੈ ਕਿ ਹਰ ਕ੍ਰਿਕਟਰ ਜੋ ਭਾਰਤ ਲਈ ਖੇਡਣਾ ਚਾਹੁੰਦਾ ਹੈ, ਉਸ ਨੂੰ ਘਰੇਲੂ ਕ੍ਰਿਕਟ 'ਚ ਖੁਦ ਨੂੰ ਸਾਬਤ ਕਰਨਾ ਹੋਵੇਗਾ। ਘਰੇਲੂ ਟੂਰਨਾਮੈਂਟਾਂ ਵਿੱਚ ਕਿਸੇ ਵੀ ਖਿਡਾਰੀ ਦੇ ਪ੍ਰਦਰਸ਼ਨ ਨੂੰ ਚੋਣ ਪ੍ਰਕਿਰਿਆ ਵਿੱਚ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਜੇਕਰ ਕੋਈ ਖਿਡਾਰੀ ਘਰੇਲੂ ਕ੍ਰਿਕਟ 'ਚ ਹਿੱਸਾ ਨਹੀਂ ਲੈਂਦਾ ਹੈ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ।'' 

ਉਨ੍ਹਾਂ ਕਿਹਾ, ''ਇਹ ਪੱਤਰ ਕਿਸੇ ਖਿਡਾਰੀ ਦੀ ਆਲੋਚਨਾ ਨਹੀਂ ਹੈ, ਸਗੋਂ ਉਨ੍ਹਾਂ ਕਦਰਾਂ-ਕੀਮਤਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਭਾਰਤੀ ਕ੍ਰਿਕਟ ਨੂੰ ਪਿਛਲੇ ਸਾਲਾਂ ਦੌਰਾਨ ਸੇਧ ਦਿੱਤੀ ਹੈ। ਅਸੀਂ ਸਮੂਹਿਕ ਤੌਰ 'ਤੇ ਐਲਾਨ ਕਰਦੇ ਹਾਂ ਕਿ ਅਸੀਂ ਕਿਸੇ ਵੀ ਤਰ੍ਹਾਂ ਘਰੇਲੂ ਕ੍ਰਿਕਟ ਦੀ ਮਹੱਤਤਾ ਨੂੰ ਘੱਟ ਕਰਨਾ ਜਾਂ ਇਸ ਦੇ ਬੁਨਿਆਦੀ ਢਾਂਚੇ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦੇ ਹਾਂ। ਭਾਰਤੀ ਕ੍ਰਿਕਟ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਲਈ ਮਿਲ ਕੇ ਕੰਮ ਕਰਨਾ ਸਾਡੀ ਜ਼ਿੰਮੇਵਾਰੀ ਹੈ।'' ਜ਼ਿਕਰਯੋਗ ਹੈ ਕਿ ਇਸ਼ਾਨ ਕਿਸ਼ਨ, ਸ਼੍ਰੇਅਸ ਅਈਅਰ ਅਤੇ ਦੀਪਕ ਚਾਹਰ ਵਰਗੇ ਖਿਡਾਰੀ, ਜਿਨ੍ਹਾਂ ਨੇ ਹਾਲ ਹੀ ਦੇ ਸਮੇਂ 'ਚ ਘਰੇਲੂ ਕ੍ਰਿਕਟ 'ਚ ਹਿੱਸਾ ਨਹੀਂ ਲਿਆ ਹੈ, ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਖਿਡਾਰੀਆਂ ਬਾਰੇ ਬੀ. ਸੀ. ਸੀ. ਆਈ. ਦੇ ਇਕਰਾਰਨਾਮੇ ਮੁਤਾਬਕ ਸ਼੍ਰੇਅਸ ਅਈਅਰ ਗ੍ਰੇਡ ਬੀ ਵਿਚ ਹੈ, ਜਦੋਂ ਕਿ ਈਸ਼ਾਨ ਕਿਸ਼ਨ ਗ੍ਰੇਡ ਸੀ  ਵਿਚ ਹੈ।


author

Tarsem Singh

Content Editor

Related News