ਖਿਡਾਰੀਆਂ ਨੇ ਨਹੀਂ ਮਿਲਾਇਆ ਹੱਥ ਪਰ ਫਾਈਨਲ ’ਚ ਨਹੀਂ ਹੋਇਆ ਕੋਈ ਵਿਵਾਦ
Sunday, Oct 04, 2026 - 10:22 AM (IST)
ਸਪੋਰਟਸ ਡੈਸਕ : ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਦੇ ਫਾਈਨਲ ਨੂੰ ਲੈ ਕੇ ਕਾਫੀ ਉਤਸੁਕਤਾ ਸੀ ਪਰ ਸ਼ਨੀਵਾਰ ਨੂੰ ਇੱਥੇ ਹੋਇਆ ਮੁਕਾਬਲਾ ਬਿਨਾਂ ਕਿਸੇ ਵਿਵਾਦ ਦੇ ਖਤਮ ਹੋਇਆ। ਇਸ ਦੌਰਾਨ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਇਕ ਵਾਰ ਫਿਰ ਹੱਥ ਨਹੀਂ ਮਿਲਾਇਆ। ਫਾਈਨਲ ਦੇਖਣ ਲਈ ਟੋਕੀਓ, ਨਾਗੋਆ ਤੇ ਜਾਪਾਨ ਦੇ ਹੋਰਨਾਂ ਹਿੱਸਿਆਂ ਤੋਂ ਵੱਡੀ ਗਿਣਤੀ ’ਚ ਪਹੁੰਚੇ ਭਾਰਤੀ ਭਾਈਚਾਰੇ ਦੇ ਲੋਕਾਂ ਲਈ ਇਹ ਦਿਨ ਕ੍ਰਿਕਟ ਦੇ ਨਾਂ ਰਿਹਾ।
ਮੈਚ ਤੋਂ ਪਹਿਲਾਂ ਟਾਸ ਮੈਦਾਨ ਦੇ ਇਕ ਕੋਨੇ ’ਚ ਕਰਾਇਆ ਗਿਆ, ਜਦਕਿ ਟੀ. ਵੀ. ਕੈਮਰਾ ਦਲ ਪਿੱਚ ਦੇ ਪਾਸੇ ਮੌਜੂਦ ਸੀ। ਮੈਚ ਤੋਂ ਬਾਅਦ ਦਾ ਘਟਨਾਕ੍ਰਮ ਵੀ ਕੁਝ ਅਜਿਹਾ ਹੀ ਰਿਹਾ। ਜਿੱਤ ਤੋਂ ਬਾਅਦ ਭਾਰਤੀ ਖਿਡਾਰੀ ਜਦੋਂ ਆਪਣੇ ਡਰੈਸਿੰਗ ਰੂਮ ਵੱਲ ਵਧੇ ਤਾਂ ਉਨ੍ਹਾਂ ਨੇ ਪਾਕਿਸਤਾਨੀ ਖਿਡਾਰੀਆਂ ਦੇ ਪਾਸੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਪਾਕਿਸਤਾਨ ਦੀ ਟੀਮ ਆਪਣੇ ਡਰੈਸਿੰਗ ਰੂਮ ਤੋਂ ਬਾਹਰ ਆਈ, ਅੰਪਾਇਰਾਂ ਨਾਲ ਹੱਥ ਮਿਲਾਇਆ ਤੇ ਭਾਰਤੀ ਖਿਡਾਰੀਆਂ ਨਾਲ ਬਿਨਾਂ ਕਿਸੇ ਗੱਲਬਾਤ ਦੇ ਵਾਪਸ ਪਰਤ ਗਈ। ਹੱਥ ਮਿਲਾਉਣ ਨੂੰ ਛੱਡ ਦੇਈਏ ਤਾਂ ਮੈਚ ਖੇਡ ਭਾਵਨਾ ਦੇ ਨਾਲ ਖੇਡਿਆ ਗਿਆ। ਖਿਡਾਰੀਆਂ ਦੇ ਵਿਚਾਲੇ ਕੋਈ ਤਿੱਖੀ ਬਹਿਸ ਜਾਂ ਵੱਡਾ ਵਿਵਾਦ ਨਹੀਂ ਹੋਇਆ ਤੇ ਉਨ੍ਹਾਂ ਨੇ ਆਪਣਾ ਧਿਆਨ ਮੁਕਾਬਲੇ ’ਤੇ ਬਣਾਈ ਰੱਖਿਆ ਅਤੇ ਕ੍ਰਿਕਟ ਨੂੰ ਕੇਂਦਰ ’ਚ ਰਹਿਣ ਦਿੱਤਾ।
ਤਮਗਾ ਵੰਡ ਸਮਾਰੋਹ ਵੀ ਬਿਨਾਂ ਕਿਸੇ ਵਿਵਾਦ ਦੇ ਖਤਮ ਹੋਇਆ ਤੇ ਪ੍ਰਬੰਧਕਾਂ ਨੇ ਪੂਰੀ ਪ੍ਰਕਿਰਿਆ ਨੂੰ ਵਿਵਸਥਿਤ ਬਣਾਈ ਰੱਖਿਆ। ਆਈਚੀ-ਨਾਗੋਆ ਏਸ਼ੀਆਈ ਖੇਡ ਆਯੋਜਨ ਕਮੇਟੀ (ਏ. ਆਈ. ਐੱਨ. ਏ. ਜੀ. ਓ. ਸੀ.) ਦੇ ਇਕ ਸੀਨੀਅਰ ਅਧਿਕਾਰੀ ਨੇ ਪਾਕਿਸਤਾਨ ਦੀ ਟੀਮ ਨੂੰ ਚਾਂਦੀ ਤਮਗਾ ਪ੍ਰਦਾਨ ਕੀਤਾ, ਜਦਕਿ ਆਈ. ਸੀ. ਸੀ. ਦੇ ਪ੍ਰਧਾਨ ਤੇ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਸਾਬਕਾ ਸਕੱਤਰ ਜੈ ਸ਼ਾਹ ਨੇ ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਸੋਨ ਤਮਗਾ ਪ੍ਰਦਾਨ ਕੀਤਾ।
ਤਿੰਨੋਂ ਤਮਗਾ ਜੇਤੂ ਟੀਮਾਂ ਦੀ ਸਾਂਝੀ ਫੋਟੋ ਦੌਰਾਨ ਹੀ ਇਕਲੌਤੀ ਅਸਹਿਜ ਸਥਿਤੀ ਬਣੀ। ਭਾਰਤ ਨੂੰ ਵਿਚਾਲੇ ਖੜ੍ਹਾ ਹੋਣਾ ਸੀ ਜਦਕਿ ਪਾਕਿਸਤਾਨ ਨੂੰ ਉਸ ਦੇ ਖੱਬੇ ਪਾਸੇ ਤੇ ਕਾਂਸੀ ਤਮਗਾ ਜੇਤੂ ਸ਼੍ਰੀਲੰਕਾ ਨੂੰ ਸੱਜੇ ਪਾਸੇ ਖੜ੍ਹਾ ਹੋਣਾ ਸੀ। ਪਾਕਿਸਤਾਨੀ ਖਿਡਾਰੀ ਇਸ ਗੱਲ ਨੂੰ ਲੈ ਕੇ ਭੁਲੇਖੇ ’ਚ ਦਿਸੇ ਕਿ ਉਨ੍ਹਾਂ ਨੂੰ ਕਿੱਥੇ ਖੜ੍ਹਾ ਹੋਣਾ ਹੈ ਤੇ ਤਮਗਾ ਸਮਾਰੋਹ ਤੋਂ ਬਾਅਦ ਪੋਡੀਅਮ ਤੋਂ ਹੇਠਾਂ ਉਤਰ ਗਏ। ਸ਼੍ਰੀਲੰਕਾ ਦੇ ਖਿਡਾਰੀ ਵੀ ਉਨ੍ਹਾਂ ਦੇ ਪਿੱਛੇ ਉਤਰ ਗਏ। ਇਸ ਤੋਂ ਬਾਅਦ ਦੋਵੇਂ ਟੀਮਾਂ ਭਾਰਤੀ ਖਿਡਾਰੀਆਂ ਦੇ ਨਾਲ ਫੋਟੋ ਲਈ ਇਕੱਠੀਆਂ ਹੋਈਆਂ।
ਏਸ਼ੀਆਈ ਕ੍ਰਿਕਟ ਕੌਂਸਲ (ਏ. ਸੀ. ਸੀ.) ਦੇ ਪ੍ਰਧਾਨ ਮੋਹਸਿਨ ਨਕਵੀ ਦੀ ਗੈਰ-ਹਾਜ਼ਰੀ ਨਾਲ ਵੀ ਸੰਭਾਵੀ ਤੌਰ ’ਤੇ ਇਕ ਅਸਹਿਜ ਸਥਿਤੀ ਟਲ ਗਈ। ਨਕਵੀ ਨੇ ਪਹਿਲਾਂ ਤੋਂ ਤੈਅ ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਫਾਈਨਲ ’ਚ ਸ਼ਾਮਲ ਨਾ ਹੋਣ ਦੀ ਗੱਲ ਕਹੀ ਸੀ। ਨਕਵੀ ਪਾਕਿਸਤਾਨ ਦਾ ਗ੍ਰਹਿ ਮੰਤਰੀ ਵੀ ਹੈ ਤੇ ਉਹ ਏਸ਼ੀਆ ਕੱਪ ਦੀ ਪੁਰਸ਼ ਤੇ ਮਹਿਲਾ ਦੋਵਾਂ ਪ੍ਰਤੀਯੋਗਿਤਾਵਾਂ ਦੀ ਟਰਾਫੀ ਸੌਂਪਣ ਨੂੰ ਲੈ ਕੇ ਬੀ. ਸੀ. ਸੀ. ਆਈ. ਦੇ ਨਾਲ ਜਾਰੀ ਅੜਿੱਕੇ ਦੇ ਕੇਂਦਰ ’ਚ ਰਿਹਾ ਹੈ।
