ਲਖਨਊ ਨੂੰ ਘਰੇਲੂ ਮੈਦਾਨ ’ਤੇ ਹਰਾਉਣ ਉਤਰੇਗਾ ਕੋਲਕਾਤਾ
Saturday, Apr 13, 2024 - 07:55 PM (IST)
ਕੋਲਕਾਤਾ–ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਆਪਣੇ ਗੜ੍ਹ ਈਡਨ ਗਾਰਡਨਸ ’ਤੇ ਐਤਵਾਰ ਨੂੰ ਆਈ. ਪੀ. ਐੱਲ. ਦੇ ਮੈਚ ਵਿਚ ਮਯੰਕ ਯਾਦਵ ਦੇ ਬਿਨਾਂ ਉਤਰ ਰਹੀ ਲਖਨਊ ਸੁਪਰ ਜਾਇੰਟਸ ਵਿਰੁੱਧ ਉਤਰੇਗੀ ਤਾਂ ਉਸਦਾ ਟੀਚਾ ਜਿੱਤ ਦੇ ਰਸਤੇ ’ਤੇ ਪਰਤਣ ਦਾ ਹੋਵੇਗਾ। ਇਹ ਈਡਨ ਗਾਰਡਨਸ ’ਚ ਕੇ. ਕੇ. ਆਰ. ਦਾ ਇਸ ਸੈਸ਼ਨ ਵਿਚ ਪਹਿਲਾ ਮੈਚ ਹੈ। ਮੈਂਟੋਰ ਗੌਤਮ ਗੰਭੀਰ ਨੂੰ ਬਾਖੂਬੀ ਪਤਾ ਹੈ ਕਿ ਇੱਥੇ ਹੋਣ ਵਾਲੇ 5 ਮੈਚ 2021 ਤੋਂ ਬਾਅਦ ਪਹਿਲੀ ਵਾਰ ਪਲੇਅ ਆਫ ਵਿਚ ਜਗ੍ਹਾ ਬਣਾਉਣ ਲਈ ਫੈਸਲਾਕੁੰਨ ਸਾਬਤ ਹੋ ਸਕਦੇ ਹਨ। ਦੋਵੇਂ ਟੀਮਾਂ ਨੇ 3-3 ਜਿੱਤਾਂ ਦਰਜ ਕੀਤੀਆਂ ਹਨ ਜਦਕਿ ਪਿਛਲੇ ਦੌਰ ਵਿਚ ਹਾਰ ਦਾ ਸਾਹਮਣਾ ਕਰਕੇ ਆਈਆਂ ਹਨ। ਕੇ. ਕੇ. ਆਰ. ਨੂੰ ਵੈਸਟਇੰਡੀਜ਼ ਦੇ ਆਂਦ੍ਰੇ ਰਸੇਲ ਤੇ ਸੁਨੀਲ ਨਾਰਾਇਣ ’ਤੇ ਜ਼ਿਆਦਾ ਆਤਮਨਿਰਭਰ ਰਹਿਣ ਦਾ ਖਾਮਿਆਜਾ ਭੁਗਤਣਾ ਪੈ ਰਿਹਾ ਹੈ ਜਿਹੜਾ ਚੇਨਈ ਸੁਪਰ ਕਿੰਗਜ਼ ਵਿਰੁੱਧ ਅਹਿਮ ਸਾਬਤ ਹੋਵੇਗਾ। ਚੇਨਈ ਨੇ ਪਿਛਲੇ ਮੈਚ ਵਿਚ ਉਸ ਨੂੰ 7 ਵਿਕਟਾਂ ਨਾਲ ਹਰਾਇਆ। ਨਾਰਾਇਣ (27) ਤੇ ਰਸੇਲ (10) ਬੱਲੇ ਨਾਲ ਅਸਫਲ ਰਹੇ। ਇਨ੍ਹਾਂ ਦੋਵਾਂ ਦੀ ਜ਼ਬਰਦਸਤ ਫਾਰਮ ਦੇ ਕਾਰਨ 3 ਮੈਚਾਂ ਵਿਚ 200 ਪਾਰ ਦਾ ਸਕੋਰ ਬਣਾਉਣ ਵਾਲੀ ਕੇ. ਕੇ. ਆਰ. ਚੇਨਈ ਵਿਰੁੱਧ 9 ਵਿਕਟਾਂ ’ਤੇ 137 ਦੌੜਾਂ ਹੀ ਬਣਾ ਸਕੀ ਸੀ। ਉਂਗਲੀ ਦੀ ਸੱਟ ਕਾਰਨ ਨਿਤਿਸ਼ ਰਾਣਾ ਇਸ ਮੈਚ ਵੀ ਨਹੀਂ ਖੇਡ ਸਕੇਗਾ।
ਕੇ. ਕੇ.ਆਰ. ਦਾ ਕਪਤਾਨ ਸ਼੍ਰੇਅਸ ਅਈਅਰ ਪ੍ਰਭਾਵਿਤ ਨਹੀਂ ਕਰ ਸਕਿਆ ਤੇ 4 ਮੈਚਾਂ ਵਿਚ ਉਸ ਨੇ 0, ਅਜੇਤੂ 39, 18 ਤੇ 34 ਦੌੜਾਂ ਬਣਾਈਆਂ। ਵੈਂਕਟੇਸ਼ ਅਈਅਰ 3 ਮੈਚਾਂ ਵਿਚ ਦੋਹਰੇ ਅੰਕ ਤਕ ਨਹੀਂ ਪਹੁੰਚ ਸਕਿਆ ਤੇ ਇਕਲੌਤਾ ਅਰਧ ਸੈਂਕੜਾ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਲਾਇਆ। ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਪਹਿਲੇ ਮੈਚ ਵਿਚ ਉਹ ਤੀਜੇ ਨੰਬਰ ’ਤੇ ਉਤਰਿਆ ਪਰ ਪਿਛਲੇ ਦੋ ਮੈਚਾਂ ਵਿਚ 7ਵੇਂ ਤੇ 5ਵੇਂ ਨੰਬਰ ’ਤੇ ਉਤਰਿਆ। ਰਮਨਦੀਪ ਸਿੰਘ ਨੇ ਵੀ ਪ੍ਰਭਾਵਿਤ ਨਹੀਂ ਕੀਤਾ। ਅੰਡਰ-19 ਵਿਸ਼ਵ ਕੱਪ 2022 ਦੇ ਜੇਤੂ ਅੰਗਕ੍ਰਿਸ਼ ਰਘੂਵੰਸ਼ੀ ਨੇ ਦਿੱਲੀ ਕੈਪੀਟਲਸ ਵਿਰੁੱਧ 54 ਦੌੜਾਂ ਬਣਾਈਆਂ। ਪਿਛਲੇ ਮੈਚ ਵਿਚ ਅਸਫਲ ਰਹਿਣ ਤੋਂ ਬਾਅਦ ਉਹ ਚੰਗੀ ਪਾਰੀ ਖੇਡਣ ਨੂੰ ਬੇਤਾਬ ਹੋਵੇਗਾ। ਮਿਸ਼ੇਲ ਸਟਾਰਕ ਗੇਂਦਬਾਜ਼ੀ ਵਿਚ ਅਸਫਲ ਰਿਹਾ ਹੈ ਤੇ ਉਸ ਨੇ ਪਹਿਲੇ ਦੋ ਮੈਚਾਂ ਵਿਚ 100 ਦੌੜਾਂ ਦੇ ਦਿੱਤੀਆਂ।
ਦੂਜੇ ਪਾਸੇ ਲਖਨਊ ਨੂੰ ਤੇਜ਼ ਗੇਂਦਬਾਜ਼ ਮਯੰਕ ਯਾਦਵ ਦੀ ਕਮੀ ਮਹਿਸੂਸ ਹੋਵੇਗੀ, ਜਿਹੜਾ ਬਾਂਹ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਬਾਹਰ ਹੈ। ਉਸਦੀ ਜਗ੍ਹਾ ਖੇਡ ਰਿਹਾ ਅਰਸ਼ਦ ਖਾਨ ਦਿੱਲੀ ਵਿਰੁੱਧ ਅਸਫਲ ਰਿਹਾ ਹੈ। ਮੋਹਸਿਨ ਖਾਨ ਵੀ ਅਜੇ ਤਕ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹੈ। ਕਵਿੰਟਨ ਡੀ ਕੌਕ ਤੇ ਕੇ. ਐੱਲ. ਰਾਹੁਲ ਨੂੰ ਵੱਡੀਆਂ ਪਾਰੀਆਂ ਖੇਡਣੀਆਂ ਪੈਣਗੀਆਂ। ਉੱਥੇ ਹੀ, ਮਾਰਕਸ ਸਟੋਇੰਸ ਤੇ ਨਿਕੋਲਸ ਪੂਰਨ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਉਸਦੇ ਕੋਲ ਰਵੀ ਬਿਸ਼ਨੋਈ ਤੇ ਕਰੁਣਾਲ ਪੰਡਯਾ ਵਰਗੇ ਸ਼ਾਨਦਾਰ ਸਪਿਨਰ ਵੀ ਹਨ।