IPL ਦੇ ਖਿਲਾਫ ਹਾਈ ਕੋਰਟ ''ਚ ਪਟੀਸ਼ਨ ਦਾਇਰ

04/04/2018 5:27:16 PM

ਚੇਨਈ, (ਬਿਊਰੋ)— ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੈਸ਼ਨ ਦਾ ਆਯੋਜਨ ਰੋਕਣ ਲਈ ਮਦਰਾਸ ਹਾਈ ਕੋਰਟ 'ਚ ਬੀ.ਸੀ.ਸੀ.ਆਈ. ਦੇ ਖਿਲਾਫ ਅੱਜ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਆਈ.ਪੀ.ਐੱਸ. ਅਧਿਕਾਰੀ ਜੀ. ਸੰਪਤ ਕੁਮਾਰ ਵੱਲੋਂ ਇਹ ਪਟੀਸ਼ਨ ਮੈਚ ਫਿਕਸਿੰਗ ਅਤੇ ਸੱਟੇਬਾਜ਼ੀ ਨੂੰ ਰੋਕਣ ਦੇ ਲਈ ਢੁਕਵੇਂ ਕਦਮਾਂ ਦੀ ਗੈਰ ਮੌਜੂਦਗੀ ਦੇ ਕਾਰਨ ਦਾਇਰ ਕੀਤੀ ਗਈ ਹੈ। ਆਈ.ਪੀ.ਐੱਲ. ਦਾ ਸੈਸ਼ਨ 7 ਅਪ੍ਰੈਲ ਨੂੰ ਮੁੰਬਈ ਇੰਡੀਅਨਸ ਅਤੇ ਚੇਨਈ ਸੁਪਰਕਿੰਗਸ ਵਿਚਾਲੇ ਮੁੰਬਈ 'ਚ ਹੋਣ ਵਾਲੇ ਮੈਚ ਤੋਂ ਸ਼ੁਰੂ ਹੋਵੇਗਾ।

ਮੁੱਖ ਜੱਜ ਇੰਦਰਾ ਬੈਨਰਜੀ ਅਤੇ ਜੱਜ ਏ. ਸੇਲਵਮ ਦੇ ਪਹਿਲੇ ਬੈਂਚ ਨੇ ਗ੍ਰਹਿ ਮੰਤਰਾਲਾ ਅਤੇ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੂੰ ਨੋਟਿਸ ਭੇਜਣ ਦਾ ਹੁਕਮ ਦਿੱਤਾ। ਬੈਂਚ ਨੇ ਸੁਣਵਾਈ ਦੀ ਤਰੀਕ 13 ਤੈਅ ਕੀਤੀ ਹੈ। ਬੈਂਚ ਨੇ ਹਾਲਾਂਕਿ ਕਿਹਾ ਕਿ ਮੈਚ ਫਿਕਸਿੰਗ ਦੀ ਸੰਭਾਵਨਾ ਅਤੇ ਹੋਰ ਉਲੰਘਣਾਵਾਂ ਦੇ ਚਲਦੇ ਟੂਰਨਾਮੈਂਟ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਤਾਂ ਇਸ 'ਤੇ ਪਟੀਸ਼ਨਕਰਤਾ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਮੈਚ ਨੂੰ ਰੁਕਵਾਉਣ ਦਾ ਨਹੀਂ ਹੈ ਅਤੇ ਉਹ ਪਟੀਸ਼ਨ 'ਚ ਸੋਧ ਕਰਨ ਨੂੰ ਸਹਿਮਤ ਹੋ ਗਏ। 

ਹਾਲਾਂਕਿ ਬੈਂਚ ਨੇ ਕਿਹਾ ਕਿ ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਇਸ ਤਰ੍ਹਾਂ ਦੇ ਅਪਰਾਧ ਹੁੰਦੇ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਅਜਿਹਾ ਯਕੀਨੀ ਨਹੀਂ ਹੋ ਸਕਦਾ ਕਿ ਇਸ ਤਰ੍ਹਾਂ ਦੇ ਅਪਰਾਧ ਰੋਕਣ ਵਾਲੇ ਕਦਮਾਂ ਨਾਲ ਇਨ੍ਹਾਂ 'ਤੇ ਲਗਾਮ ਕਸੀ ਜਾ ਸਕਦੀ ਹੈ। ਸਾਲ 2015 'ਚ ਸੁਪਰੀਮ ਕੋਰਟ ਵੱਲੋਂ ਨਿਯੁਕਤ ਪੈਨਲ ਨੇ ਚੇਨਈ ਸੁਪਰ ਕਿੰਗਸ ਅਤੇ ਰਾਜਸਥਾਨ ਰਾਇਲਸ ਨੂੰ ਗੈਰ ਕਾਨੂੰਨੀ ਸੱਟੇਬਾਜ਼ੀ ਅਤੇ ਮੈਚ ਫਿਕਸਿੰਗ ਜਾਂਚ 'ਚ ਦੋਸ਼ੀ ਪਾਏ ਜਾਣ ਦੇ ਬਾਅਦ ਮੁਅੱਤਲ ਕਰ ਦਿੱਤਾ ਸੀ। ਦੋਹਾਂ ਫ੍ਰੈਂਚਾਈਜ਼ੀ ਟੀਮਾਂ ਨੇ 2 ਸਾਲ ਦੀ ਪਾਬੰਦੀ ਦੇ ਬਾਅਦ ਇਸ ਸੈਸ਼ਨ 'ਚ ਵਾਪਸੀ ਕੀਤੀ ਹੈ।


Related News