ਏਸ਼ੀਆਈ ਕੁਆਲੀਫਾਇਰ ਲਈ ਪੂਰੀ ਤਰ੍ਹਾਂ ਫਿੱਟ ਹਨ ਛੇਤਰੀ : ਸਟਿਮਕ
Tuesday, May 10, 2022 - 07:25 PM (IST)
ਕੋਲਕਾਤਾ- ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਟਿਮਕ ਨੂੰ ਯਕੀਨ ਹੈ ਕਿ ਭਾਰਤ ਅਗਲੇ ਮਹੀਨੇ ਹੋਣ ਵਾਲੇ ਏਸ਼ੀਆਈ ਕੱਪ ਕੁਆਲੀਫਾਇਰ ਜਿੱਤ ਕੇ ਅਗਲੇ ਸਾਲ ਚੀਨ 'ਚ ਹੋਣ ਵਾਲੇ ਟੂਰਨਾਮੈਂਟ 'ਚ ਜਗ੍ਹਾ ਪੱਕੀ ਕਰੇਗਾ ਤੇ ਕਰਿਸ਼ਮਾਈ ਕਪਤਾਨ ਸੁਨੀਲ ਛੇਤਰੀ ਵੀ ਫਿੱਟ ਹੋ ਕੇ ਟੀਮ 'ਚ ਵਾਪਸੀ ਕਰ ਰਹੇ ਹਨ। 37 ਸਾਲਾ ਛੇਤਰੀ 6 ਮਹੀਨਿਆਂ ਬਾਅਦ ਟੀਮ 'ਚ ਪਰਤਨਗੇ।
ਉਨ੍ਹਾਂ ਨੇ ਆਖ਼ਰੀ ਵਾਰ ਅਕਤੂਬਰ 'ਚ ਸੈਫ ਚੈਂਪੀਅਨਸ਼ਿਪ 'ਚ ਨੇਪਾਲ ਦੇ ਖ਼ਿਲਾਫ਼ ਖੇਡਿਆ ਸੀ ਜਦੋਂ ਭਾਰਤ ਨੇ 3-0 ਨਾਲ ਜਿੱਤ ਦਰਜ ਕੀਤੀ ਸੀ। ਸਟਿਮਕ ਨੇ ਕਿਹਾ ਕਿ ਛੇਤਰੀ ਪੂਰੀ ਤਰ੍ਹਾਂ ਨਾਲ ਫਿੱਟ ਹਨ ਤੇ ਟੀਮ ਦੀ ਤਾਕਤ ਰਹਿਣਗੇ। ਉਨ੍ਹਾਂ ਕਿਹਾ, 'ਸੁਨੀਲ ਪੂਰੀ ਤਰ੍ਹਾਂ ਫਿੱਟ ਹੈ। ਅਸੀਂ ਬਹਿਰੀਨ ਤੇ ਬੇਲਾਰੂਸ ਦੇ ਖ਼ਿਲਾਫ਼ ਮੈਚਾਂ 'ਚ ਉਸ ਨੂੰ ਨਹੀਂ ਉਤਾਰਿਆ ਕਿਉਂਕਿ ਉਸ ਨੂੰ ਫਿੱਟਨੈਸ ਹਾਸਲ ਕਰਨ ਲਈ ਸਮਾਂ ਚਾਹੀਦਾ ਸੀ।'
ਉਨ੍ਹਾਂ ਕਿਹਾ, 'ਇਹ ਬ੍ਰੇਕ ਉਸ ਲਈ ਚੰਗੀ ਰਹੀ ਤੇ ਹੁਣ ਉਹ ਪੂਰੀ ਤਰ੍ਹਾਂ ਨਾਲ ਫਿੱਟ ਹੈ। ਉਹ ਪ੍ਰੈਕਟਿਸ 'ਚ ਨਜ਼ਰ ਆ ਰਿਹਾ ਹੈ। ਉਹ ਭਾਰਤੀ ਟੀਮ ਦੀ ਹਮਲਾਵਰਤਾ ਦਾ ਕੇਂਦਰ ਰਹੇਗਾ। ਛੇਤਰੀ ਫਿੱਟਨੈਸ ਕਾਰਨਾਂ ਨਾਲ ਮਾਰਚ 'ਚ ਬੇਲਾਰੂਸ ਤੇ ਬਹਿਰੀਨ ਦੇ ਖ਼ਿਲਾਫ਼ ਨਹੀਂ ਖੇਡੇ ਸਨ। ਸਟਿਮਕ ਦਾ ਕਰਾਰ ਸਤੰਬਰ 2022 ਤਕ ਵਧਾਇਆ ਗਿਆ ਸੀ ਤੇ ਹੁਣ ਉਨ੍ਹਾਂ 'ਤੇ ਵੀ ਫੋਕਸ ਰਹੇਗਾ।
ਉਨ੍ਹਾਂ ਨੇ ਆਨਲਾਈਨ ਗੱਲਬਾਤ 'ਚ ਕਿਹਾ, 'ਉਮੀਦਾਂ ਤਾਂ ਰਹਿੰਦੀਆਂ ਹਨ। ਮੈਨੂੰ ਯਕੀਨ ਹੈ ਕਿ ਸਾਡੀ ਤਿਆਰੀ ਪੁਖ਼ਤਾ ਹੈ। ਕੁਝ ਖਿਡਾਰੀ ਸਾਡੇ ਨਾਲ ਨਹੀਂ ਹਨ। ਪਰ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ।' ਭਾਰਤ ਨੂੰ ਬੁੱਧਵਾਰ ਨੂੰ ਏ. ਟੀ. ਕੇ. ਮੋਹਨ ਬਾਗਾਨ ਤੇ 17 ਮਈ ਨੂੰ ਆਈ ਲੀਗ ਆਲ ਸਟਾਰ ਟੀਮ ਨਾਲ ਅਭਿਆਸ ਮੈਚ ਖੇਡਣਾ ਹੈ। ਇਸ ਤੋਂ ਬਾਅਦ ਦੋਹਾ 'ਚ ਜ਼ਾਮਬੀਆ (25 ਮਈ) ਤੇ ਜਾਰਡਨ (28 ਮਈ) ਨਾਲ ਅਭਿਆਸ ਮੈਚ ਖੇਡਣੇ ਹਨ। ਭਾਰਤ ਗਰੁੱਪ ਡੀ 'ਚ ਸਰਵਉੱਚ ਰੈਂਕਿੰਗ ਵਾਲੀ ਟੀਮ ਹੈ ਜਿਸ ਨੂੰ ਹਾਂਗਕਾਂਗ, ਅਫਗਾਨਿਸਤਾਨ ਤੇ ਕੰਬੋਡੀਆ ਨਾਲ ਖੇਡਣਾ ਹੈ।