ਸ਼ਾਕਿਬ ''ਤੇ ਪਾਬੰਦੀ ਲੱਗਣ ਤੋਂ ਬਾਅਦ ਬੰਗਲਾਦੇਸ਼ ''ਚ ਲੋਕਾਂ ਨੇ ਕੀਤਾ ਵਿਰੋਧ, ਉੱਤਰੇ ਸੜਕਾਂ ''ਤੇ

10/30/2019 6:04:52 PM

ਢਾਕਾ : ਕ੍ਰਿਕਟ ਕਪਤਾਨ ਸ਼ਾਕਿਬ ਅਲ ਹਸਨ 'ਤੇ ਬੁਕੀ ਨਾਲ ਸੰਪਰਕ ਹੋਣ ਦੀ ਜਾਣਕਾਰੀ ਨਾ ਦੇਣ ਕਾਰਨ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰੀਸ਼ਦ) ਨੇ 2 ਸਾਲ ਦੀ ਪਾਬੰਦੀ ਲਗਾਈ ਹੈ। ਇਸ ਤੋਂ ਬਾਅਦ ਪੂਰਾ ਕ੍ਰਿਕਟ ਜਗਤ 2 ਗੁੱਟਾਂ ਵਿਚ ਵੰਡਿਆ ਗਿਆ ਹੈ। ਕੁਝ ਕ੍ਰਿਕਟ ਜਾਣਕਾਰ ਸ਼ਾਕਿਬ ਦੇ ਹੱਕ 'ਚ ਹਨ ਜੋ ਕਹਿ ਰਹੇ ਹਨ ਕਿ ਇਹ ਪਾਬੰਦੀ ਜ਼ਿਆਦਾ ਹੈ ਅਤੇ ਉੱਥੇ ਹੀ ਕੁਝ ਜਾਣਕਾਰ ਇਸ ਪਾਬੰਦੀ ਨੂੰ ਘੱਟ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਘੱਟੋਂ-ਘੱਟ 5 ਸਾਲ ਦੀ ਪਾਬੰਦੀ ਲੱਗਣੀ ਚਾਹੀਦੀ ਸੀ।

PunjabKesari

ਹੁਣ ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਸ਼ਾਕਿਬ 'ਤੇ ਪਾਬੰਦੀ ਲੱਗਣ ਤੋਂ ਬਾਅਦ ਬੰਗਲਾਦੇਸ਼ 'ਚ ਲੋਕ ਸੜਕਾਂ 'ਤੇ ਉੱਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਦੱਸ ਦਈਏ ਕਿ ਸ਼ਾਕਿਬ ਨੇ ਪਾਬੰਦੀ ਤੋਂ ਬਾਅਦ ਜਨਤਕ ਹੋ ਕੇ ਲੋਕਾਂ ਨੂੰ ਅਪੀਲ ਕੀਤੀ ਸੀ ਅਤੇ ਸਮਰਥਨ ਮੰਗਿਆ ਸੀ ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਢੇਰਾਂ ਆਈ. ਸੀ. ਸੀ. ਖਿਲਾਫ ਟਵੀਟ ਕਰ ਦਿੱਤੇ। ਪੁਲਸ ਦਾ ਕਹਿਣਾ ਹੈ ਕਿ ਸ਼ਾਕਿਬ ਦੇ ਘਰ ਮਗੁਰਾ ਵਿਚ ਲੱਗਭਗ 700 ਲੋਕ ਸੜਕਾਂ 'ਤੇ ਉੱਤਰ ਆਏ ਅਤੇ ਆਈ. ਸੀ. ਸੀ. ਤੋਂ ਉਸ 'ਤੇ ਲੱਗੀ ਪਾਬੰਦੀ ਨੂੰ ਘੱਟ ਕਰਨ ਦੀ ਮੰਗ ਕਰਨ ਲੱਗੇ।

PunjabKesari

ਬੰਗਲਾਦੇਸ਼ ਟੀਮ ਦੇ ਭਾਰਦ ਦੌਰੇ ਤੇ ਰਵਾਨਾ ਹੋਣ ਤੋਂ ਪੂਰਬਲੀ ਸ਼ਾਮ ਸ਼ਾਕਿਬ 'ਤੇ ਇਹ ਪਾਬੰਦੀ ਲਗਾਈ ਗਈ। ਪੁਲਸ ਮੁਖੀ ਸੈਫੁਲ ਇਸਲਾਮ ਨੇ ਕਿਹਾ, ''ਪ੍ਰਦਰਸ਼ਨਕਾਰੀਆਂ ਨੇ ਨਾਅਰੇ ਲਗਾਏ ਅਤੇ ਮਾਰਚ ਕੀਤਾ। ਉਨ੍ਹਾਂ ਨੇ ਆਈ. ਸੀ. ਸੀ. ਦੇ ਫੈਸਲੇ ਦਾ ਵਿਰੋਧ ਜਤਾਇਆ। ਪ੍ਰਦਰਸ਼ਨਕਾਰੀਆਂ ਨੇ ਪੋਸਟਰ 'ਤੇ ਲਿਖਿਆ ਹੈ ਸ਼ਾਕਿਬ ਸਾਜਿਸ਼ ਦਾ ਸ਼ਿਕਾਰ ਹਨ।'' ਪੁਲਸ ਨੇ ਦੱਸਿਆ ਕਿ ਰਾਜਧਾਨੀ ਢਾਕੀ ਵਿਚ ਵੀ ਛੋਟੇ ਪੱਧਰ ਦੇ ਵਿਰੋਧ ਹੋਏ ਹਨ।


Related News