PCB ਦਾ ਸੁਝਾਅ, ਚੈਂਪੀਅਨਸ ਟਰਾਫੀ ’ਚ ਲਾਹੌਰ ’ਚ ਖੇਡੇ ਭਾਰਤ ਆਪਣੇ ਸਾਰੇ ਮੈਚ
Monday, Jun 10, 2024 - 07:36 PM (IST)
ਲਾਹੌਰ, (ਭਾਸ਼ਾ)- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਭਾਰਤ ਲਈ ਸਰਵਸ਼੍ਰੇਸ਼ਠ ਸੁਰੱਖਿਆ ਇੰਤਜ਼ਾਮ ਪੱਕੇ ਕਰਨ ਦੀ ਮੁਹਿੰਮ ’ਚ ਸੁਝਾਅ ਦਿੱਤਾ ਕਿ ਗੁਆਂਢੀ ਦੇਸ਼ ਅਗਲੇ ਸਾਲ ਦੀ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੌਰਾਨ ਲਾਹੌਰ ’ਚ ਆਪਣੇ ਸਾਰੇ ਮੈਚ ਖੇਡੇ। ਪੀ. ਸੀ. ਬੀ. ਦੇ ਇਕ ਭਰੋਸੇਯੋਗ ਸੂਤਰ ਨੇ ਕਿਹਾ ਕਿ ਆਈ. ਸੀ. ਸੀ. ਨੂੰ ਭੇਜੇ ਗਏ ਟੂਰਨਾਮੈਂਟ ਦੇ ‘ਡਰਾਫਟ ਪ੍ਰੋਗਰਾਮ’ ਵਿਚ ਇਹ ਸੁਝਾਅ ਦਿੱਤਾ ਗਿਆ ਹੈ।
ਸੂਤਰਾਂ ਨੇ ਕਿਹਾ, ‘ਹਾਂ, ਭਾਰਤੀ ਟੀਮ ਦੀ ਯਾਤਰਾ ਘੱਟ ਕਰਨ ਅਤੇ ਸਰਵਸ਼੍ਰੇਸ਼ਠ ਸੁਰੱਖਿਆ ਇੰਤਜ਼ਾਮ ਮੁਹੱਈਆ ਕਰਵਾਉਣ ਲਈ ਉਨ੍ਹਾਂ ਦੇ ਸਾਰੇ ਮੈਚ ਲਾਹੌਰ ’ਚ ਕਰਵਾਉਣ ਦਾ ਸੁਝਾਅ ਦਿੱਤਾ ਗਿਆ ਹੈ। ਭਾਰਤ ਨੇ ਪਿਛਲੇ ਸਾਲ ਸੁਰੱਖਿਆ ਚਿੰਤਾਵਾਂ ਕਾਰਨ ਏਸ਼ੀਆ ਕੱਪ ਲਈ ਪਾਕਿਸਤਾਨ ’ਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦੇ ਸਾਰੇ ਮੈਚ ਸ਼੍ਰੀਲੰਕਾ ’ਚ ਕਰਵਾਏ ਗਏ ਸਨ। ਪਾਕਿਸਤਾਨ ਨੇ ਅਗਲੇ ਸਾਲ 19 ਫਰਵਰੀ ਤੋਂ 9 ਮਾਰਚ ਵਿਚਾਲੇ ਆਈ. ਸੀ. ਸੀ. ਦੇ ਇਸ 50 ਓਵਰ ਦੇ ਟੂਰਨਾਮੈਂਟ ਦੀ ਮੇਜ਼ਬਾਨੀ ਕਰਨੀ ਹੈ। ਆਈ. ਸੀ. ਸੀ. ਕਾਰਜਕਾਰੀ ਬੋਰਡ ਨੇ ਅਜੇ ‘ਡਰਾਫਟ ਪ੍ਰੋਗਰਾਮ’ ਨੂੰ ਮਨਜ਼ੂਰੀ ਦੇਣੀ ਹੈ ਪਰ ਪੀ. ਸੀ. ਬੀ. ਨੇ ਚੈਂਪੀਅਨਸ ਟਰਾਫੀ ਦੇ ਮੈਚਾਂ ਲਈ ਹੋਰ ਥਾਵਾਂ ’ਚ ਕਰਾਚੀ ਅਤੇ ਰਾਵਲਪਿੰਡੀ ਨੂੰ ਵੀ ਰੱਖਿਆ ਹੈ।
ਪਾਕਿਸਤਾਨ 1996 ਤੋਂ ਬਾਅਦ ਪਹਿਲੀ ਵਾਰ ਕਿਸੇ ਵੱਡੇ ਆਈ. ਸੀ. ਸੀ. ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗੀ, ਹਾਲਾਂਕਿ ਉਸ ਨੇ 2008 ਵਿਚ ਪੂਰੇ ਏਸ਼ੀਆ ਕੱਪ ਦੀ ਮੇਜ਼ਬਾਨੀ ਕੀਤੀ ਸੀ ਅਤੇ ਪਿਛਲੇ ਸਾਲ ਵੀ ਇਸੇ ਟੂਰਨਾਮੈਂਟ ਦੇ ਕੁਝ ਮੈਚ ਆਪਣੀ ਜ਼ਮੀਨ ’ਤੇ ਕਰਵਾਏ ਸਨ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਅਜੇ ਅਧਿਕਾਰਿਕ ਰੂਪ ਨਾਲ ਪੁਸ਼ਟੀ ਕਰਨੀ ਹੈ ਕਿ ਉਹ ਰਾਸ਼ਟਰੀ ਟੀਮ ਨੂੰ ਆਈ. ਸੀ. ਸੀ. ਟੂਰਨਾਮੈਂਟ ਲਈ ਪਾਕਿਸਤਾਨ ਭੇਜੇਗਾ ਜਾਂ ਨਹੀਂ।