ਕਿਊਰੇਟਰ ਦੇ ਮੈਦਾਨ ’ਚ ਆਉਣ ’ਤੇ ਲਾਈ ਪਾਬੰਦੀ ਕਾਰਨ ਸਵਾਲਾਂ ਦੇ ਘੇਰੇ ’ਚ ਪੀ. ਸੀ. ਏ. ਪ੍ਰਧਾਨ
Saturday, Sep 24, 2022 - 05:14 PM (IST)

ਨਵੀਂ ਦਿੱਲੀ (ਭਾਸ਼ਾ)– ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਦੇ ਪ੍ਰਧਾਨ ਗੁਲਜਾਰ ਚਹਿਲ ਆਪਣੇ ਪਿਤਾ (ਸਾਬਕਾ ਆਈ. ਪੀ. ਐੱਸ. ਅਧਿਕਾਰੀ) ਵਲੋਂ ਪੀ. ਸੀ . ਏ. ਸਟੇਡੀਅਮ ਕੰਪਲੈਕਸ ਦੇ ਅੰਦਰ ਇਕ ਤਜਰਬੇਕਾਰ ਮੈਦਾਨ ਕਰਮਚਾਰੀ (ਕਿਊਰੇਟਰ) ਦੇ ਨਾਲ ਕਥਿਤ ਤੌਰ ’ਤੇ ਮਾੜਾ ਵਰਤਾਓ ਕਰਨ ਤੋਂ ਬਾਅਦ ਸਵਾਲਾਂ ਦੇ ਘੇਰੇ ਵਿਚ ਆ ਗਏ ਹਨ। ਇਹ ਘਟਨਾ ਤਕਰੀਬਨ ਦੋ ਹਫਤੇ ਪਹਿਲਾਂ ਦੀ ਹੈ ਜਦੋਂ ਗੁਲਜਾਰ ਦੇ ਪਿਤਾ ਰਿਟਾ. ਡੀ.ਜੀ. ਪੀ. ਹਰਿੰਦਰ ਸਿੰਘ ਚਹਿਲ ਮੋਹਾਲੀ ਵਿਚ ਪੀ. ਸੀ.ਏ. ਸਟੇਡੀਅਮ ਦੇ ਕੰਪਲੈਕਸ ਦੇ ਅੰਦਰ ਸ਼ਾਮ ਦੀ ਸੈਰ ’ਤੇ ਸਨ।
ਇਹ ਤਜਰਬੇਕਾਰ ਕਿਊਰੇਟਰ ਪੀ. ਸੀ.ਏ. ਦਾ ਲਾਈਫਟਾਈਮ ਮੈਂਬਰ ਹੈ ਤੇ ਬੀ. ਸੀ. ਸੀ. ਆਈ. ਦੇ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰ ਚੁੱਕਾ ਹੈ। ਇਸ ਘਟਨਾ ਤੋਂ ਬਾਅਦ ਉਸ ਨੂੰ ਕੁਝ ਦਿਨਾਂ ਲਈ ਮੈਦਾਨ ਵਿਚ ਐਂਟਰ ਕਰਨ ’ਤੇ ਰੋਕ ਦਿੱਤਾ ਗਿਆ ਸੀ ਪਰ ਜਦੋਂ ਪੀ. ਸੀ. ਏ. ਦੇ ਗਲਿਆਰਿਆਂ ਦੇ ਅੰਦਰ ਇਸ ਮਾਮਲੇ ਨੇ ਤੂਲ ਫੜਿਆ ਤਾਂ ਉਸ ਨੂੰ ਵਾਪਸੀ ਦੀ ਮਨਜ਼ੂਰੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਦੀ ਇਤਿਹਾਸਕ ਉਪਲੱਬਧੀ, T-20 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣੇ
ਪੀ. ਸੀ. ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਪ੍ਰਧਾਨ ਦੇ ਪਿਤਾ ਨੂੰ ਸਵੇਰੇ ਜਾਂ ਸ਼ਾਮ ਦੀ ਸੈਰ ਲਈ ਸਟੇਡੀਅਮ ਕੰਪਲੈਕਸ ਨੂੰ ਇਸਤੇਮਾਲ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਸੰਘ ਦੇ ਮੈਂਬਰ ਨਹੀਂ ਹਨ। ਤਜਰਬੇਕਾਰ ਕਿਊਰੇਟਰ ਉਨ੍ਹਾਂ ਦੇ ਪਿਤਾ ਨੂੰ ਨਹੀਂ ਪਛਾਣਦਾ ਸੀ ਤੇ ਇਸ ਲਈ ਉਸ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ।’’
ਉਸ ਨੇ ਕਿਹਾ,‘‘ਕਿਊਰੇਟਰ ਨੂੰ ਜਦੋਂ ਪਤਾ ਲੱਗਾ ਕਿ ਉਹ ਪੀ. ਸੀ. ਏ. ਪ੍ਰਧਾਨ ਦਾ ਪਿਤਾ ਹੈ ਤਾਂ ਉਸ ਨੇ ਮੁਆਫੀ ਮੰਗੀ ਪਰ ਫਿਰ ਵੀ ਉਸ ਨੂੰ (ਕਿਊਰਟੇਰ ਨੂੰ) ਸਟੇਡੀਅਮ ਦੇ ਅੰਦਰ ਨਾ ਆਉਣ ਨੂੰ ਕਿਹਾ ਗਿਆ। ਤਜਰਬੇਕਾਰ ਕਿਊਰੇਟਰ ਪੀ. ਸੀ. ਏ. ਦਾ ਲਾਈਫਟਾਈਮ ਮੈਂਬਰ ਹੈ ਪਰ ਕਿਸੇ ਅਹੁਦੇ ’ਤੇ ਨਹੀਂ ਹੈ।’’
ਇਹ ਸਮਝਿਆ ਜਾਂਦਾ ਹੈ ਕਿ ਤਜਰਬੇਕਾਰ ਕਿਊਰੇਟਰ ਨੂੰ ਅਸਥਾਈ ਤੌਰ ’ਤੇ ਮੈਦਾਨ ਆਉਣ ਤੋਂ ਪਾਬੰਦੀਸ਼ੁਦਾ ਕਰਨ ਦਾ ਮਾਮਲਾ ਤੂਲ ਫੜ ਰਿਹਾ ਸੀ, ਜਿਸ ਤੋਂ ਬਾਅਦ ਉਸ ਨੂੰ ਸਟੇਡੀਅਮ ਵਿਚ ਐਂਟਰੀ ਕਰਨ ਤੇ ਕੰਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ। ਪੀ. ਸੀ. ਏ. ਪ੍ਰਧਾਨ ਗੁਲਜਾਰ ਤੋਂ ਜਦੋਂ ਇਸ ਮਾਮਲੇ ਵਿਚ ਪ੍ਰਤੀਕਿਰਿਆ ਜਾਣਨ ਲਈ ਉਨ੍ਹਾਂ ਦੇ ਫੋਨ ’ਤੇ ਸੰਪਰਕ ਕੀਤਾ ਗਿਆ ਤੇ ਟੈਕਸਟ ਮੈਸੇਜ ਕੀਤਾ ਗਿਆ ਤਾਂ ਕੋਈ ਜਵਾਬ ਨਹੀਂ ਮਿਲਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।