ਪੰਜਾਬ ਦੀ ਧੀ ਪ੍ਰਨੀਤ ਕੌਰ ਨੇ ਏਸ਼ੀਆ ਕੱਪ 'ਚ ਮਾਰੀਆਂ ਮੱਲਾਂ, ਦੋ ਸੋਨ ਤੇ ਇਕ ਚਾਂਦੀ ਦਾ ਤਮਗ਼ਾ ਜਿੱਤਿਆ
Friday, May 13, 2022 - 02:54 PM (IST)
ਸਪੋਰਟਸ ਡੈਸਕ- ਪਟਿਆਲਾ ਦੀ ਵਸਨੀਕ ਪ੍ਰਨੀਤ ਕੌਰ ਨੇ ਏਸ਼ੀਆ ਕੱਪ ਸਟੇਜ-2 'ਚੋਂ ਕੰਪਾਊਂਡ ਵਰਗ ਦੇ ਮੁਕਾਬਲਿਆਂ 'ਚੋਂ ਦੋ ਸੋਨ ਤੇ ਇਕ ਚਾਂਦੀ ਦਾ ਤਮਗ਼ਾ ਜਿੱਤ ਕੇ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਨੀਤ ਕੌਰ ਨੇ ਇਰਾਕ ਦੇ ਸੁਲੇਮਾਨੀਆ ਸ਼ਹਿਰ 'ਚ 6 ਤੋਂ 11 ਮਈ ਤਕ ਏਸ਼ੀਆ ਕੱਪ ਕੰਪਾਊਂਡ ਵਰਗ 'ਚ ਵਿਅਕਤੀਗਤ ਸਿਲਵਰ ਮੈਡਲ, ਟੀਮ ਗੋਲਡ ਮੈਡਲ ਤੇ ਮਿਕਸਡ ਵਰਗ 'ਚ ਗੋਲਡ ਮੈਡਲ ਜਿੱਤੇ ਹਨ।
ਇਹ ਵੀ ਪੜ੍ਹੋ : ਪੈਟ ਕਮਿੰਸ IPL 'ਚ ਅੱਗੇ ਨਹੀਂ ਖੇਡ ਸਕਣਗੇ, ਕਮਰ ਦੀ ਸੱਟ ਤੋਂ ਉਭਰਨ ਲਈ ਪਰਤਣਗੇ ਦੇਸ਼
ਜ਼ਿਕਰਯੋਗ ਹੈ ਕਿ ਪ੍ਰਨੀਤ ਕੌਰ ਸਰਕਾਰੀ ਮਲਟੀਪਰਪਜ਼ ਸਕੂਲ ਪਟਿਆਲਾ ਦੀ ਵਿਦਿਆਰਥਣ ਹੈ ਤੇ ਬੁਢਲਾਡਾ (ਮਾਨਸਾ) ਦੇ ਨੇੜਲੇ ਪਿੰਡ ਮੰਢਾਲੀ ਦੀ ਜੰਮਪਲ ਹੈ। ਪ੍ਰਣੀਤ ਨੇ ਕਿਹਾ ਕਿ ਉਹ ਕੋਚ ਸੁਰਿੰਦਰ ਸਿੰਘ ਰੰਧਾਵਾ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਤੇ ਮਾਤਾ-ਪਿਤਾ ਦੇ ਸਹਿਯੋਗ ਸਦਕਾ ਇਸ ਮੁਕਾਮ ਤਕ ਪੁੱਜੀ ਹੈ। ਉਸ ਦਾ ਅਗਲਾ ਟੀਚਾ ਸਾਲ 2023 'ਚ ਚੀਨ ਵਿਖੇ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲਿਆਂ 'ਚ ਸੋਨ ਤਮਗ਼ਾ ਜਿੱਤਣਾ ਹੈ।
ਇਹ ਵੀ ਪੜ੍ਹੋ : ਬ੍ਰੈਂਡਨ ਮੈਕੁਲਮ ਇੰਗਲੈਂਡ ਟੈਸਟ ਟੀਮ ਦੇ ਬਣੇ ਨਵੇਂ ਕੋਚ
ਕੋਚ ਰੰਧਾਵਾ ਨੇ ਇਸ ਪ੍ਰਾਪਤੀ ਬਾਰੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਪ੍ਰਨੀਤ ਕੌਰ ਬੇਹੱਦ ਮਿਹਨਤੀ ਖਿਡਾਰੀ ਹੈ। ਉਹ ਰੋਜ਼ਾਨਾ ਅੱਠ ਘੰਟੇ ਪ੍ਰੈਕਟਿਸ ਕਰ ਰਹੀ ਹੈ ਅਤੇ ਭਾਰਤ ਲਈ ਕੌਮਾਂਤਰੀ ਪੱਧਰ ਉੱਤੇ ਵੱਡੀਆਂ ਪ੍ਰਾਪਤੀਆਂ ਕਰਨ ਦੀ ਇੱਛੁਕ ਹੈ। ਉਨ੍ਹਾਂ ਦੱਸਿਆ ਕਿ ਪ੍ਰਨੀਤ ਕੌਰ ਹੁਣ ਤੱਕ ਛੇ ਕੌਮਾਂਤਰੀ ਅਤੇ 10 ਕੌਮੀ ਮੈਡਲ ਜਿੱਤ ਚੁੱਕੀ ਹੈ ਤੇ ਅੱਗੇ ਆਉਣ ਵਾਲੇ ਸਮੇਂ 'ਚ ਉਸ ਦਾ ਭਵਿੱਖ ਬਹੁਤ ਸ਼ਾਨਦਾਰ ਹੋਣ ਵਾਲਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।