ਪੈਰਿਸ ਓਲੰਪਿਕ ਲਈ ਸਭ ਤੋਂ ਸਸਤੀ ਟਿਕਟ ਦੀ ਕੀਮਤ ਰੱਖੀ ਗਈ ਲਗਭਗ 2000 ਰੁਪਏ

03/22/2022 3:34:35 PM

ਪੈਰਿਸ (ਭਾਸ਼ਾ) : ਪੈਰਿਸ ਓਲੰਪਿਕ (2024) ਦੇ ਪ੍ਰਬੰਧਕਾਂ ਨੇ ਕਿਹਾ ਕਿ ਖੇਡ ਸਮਾਗਮ ਲਈ ਸਭ ਤੋਂ ਸਸਤੀ ਟਿਕਟ ਦੀ ਕੀਮਤ 24 ਯੂਰੋ (ਕਰੀਬ 26.50 ਡਾਲਰ ਜਾਂ 2011 ਰੁਪਏ) ਰੱਖੀ ਗਈ ਹੈ। ਇਹ ਸਭ ਤੋਂ ਘੱਟ ਕੀਮਤ ਵਾਲੀਆਂ ਟਿਕਟਾਂ ਸਾਰੇ 32 ਖੇਡ ਮੁਕਾਬਲਿਆਂ ਲਈ ਉਪਲਬਧ ਹੋਣਗੀਆਂ। ਪੈਰਿਸ ਓਲੰਪਿਕ ਖੇਡਾਂ ਲਈ ਕੁੱਲ 10 ਲੱਖ ਟਿਕਟਾਂ ਜਾਰੀ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿਚੋਂ ਅੱਧੇ ਤੋਂ ਵੱਧ ਦੀ ਕੀਮਤ 50 ਯੂਰੋ (ਲਗਭਗ 4,200 ਰੁਪਏ) ਤੋਂ ਘੱਟ ਹੋਵੇਗੀ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਨੇ ਪੈਰਿਸ ਨੂੰ 2012 ਦੇ ਲੰਡਨ ਓਲੰਪਿਕ ਦੀ ਤੁਲਨਾ ਵਿਚ ਟਿਕਟਾਂ ਦੀ ਕੀਮਤ ਘੱਟ ਰੱਖਣ ਦਾ ਪ੍ਰਸਤਾਵ ਦਿੱਤਾ ਹੈ।

ਲੰਡਨ ਓਲੰਪਿਕ ਲਈ ਸਭ ਤੋਂ ਸਸਤੀ ਟਿਕਟ 20 ਪੌਂਡ ਸੀ, ਜੋ ਉਸ ਸਮੇਂ ਐਕਸਚੇਂਜ ਰੇਟ ਮੁਤਾਬਕ 31 ਡਾਲਰ ਤੋਂ ਵੱਧ ਸੀ। ਪੈਰਿਸ ਆਯੋਜਨ ਕਮੇਟੀ ਦੇ ਪ੍ਰਧਾਨ ਟੋਨੀ ਐਸਟੈਂਗੁਏਟ ਨੇ ਕਿਹਾ, "ਇਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ, ਇਹ ਹਰ ਕਿਸੇ ਲਈ ਓਲੰਪਿਕ ਖੇਡਾਂ ਵਿਚ ਪਹੁੰਚ ਕਰਨ ਦਾ ਵਧੀਆ ਮੌਕਾ ਦੇਵੇਗਾ।" ਪੈਰਾਲੰਪਿਕ ਖੇਡਾਂ ਲਈ ਟਿਕਟਾਂ ਦੀ ਕੀਮਤ 15 ਯੂਰੋ (ਲਗਭਗ 1256 ਰੁਪਏ) ਤੋਂ ਸ਼ੁਰੂ ਹੋਵੇਗੀ ਅਤੇ ਵੱਧ ਤੋਂ ਵੱਧ ਕੀਮਤ 25 ਯੂਰੋ (ਲਗਭਗ 2100 ਰੁਪਏ) ਤੋਂ ਵੱਧ ਨਹੀਂ ਹੋਵੇਗੀ।


cherry

Content Editor

Related News