Paris Olympics 2024: ਖੇਡ ਪਿੰਡ ’ਚ ਪਹਿਲੀ ਵਾਰ ਬੱਚਿਆਂ ਲਈ ਨਰਸਰੀ ਤੇ ਦੁੱਧ ਪਿਲਾਉਣ ਲਈ ਵੱਖਰੇ ਕਮਰੇ
Friday, Jul 19, 2024 - 05:24 PM (IST)
ਸਪੋਰਟਸ ਡੈਸਕ : ਪੈਰਿਸ ਓਲੰਪਿਕ ਖੇਡਾਂ ਕਈ ਅਰਥਾਂ ਵਿਚ ਖਾਸ ਹੋਣ ਜਾ ਰਹੀਆਂ ਹਨ। ਇਹ ਅਜਿਹੀਆਂ ਪਹਿਲੀਆਂ ਓਲੰਪਿਕ ਹੋਣਗੀਆਂ, ਜਿਨ੍ਹਾਂ ਵਿਚ ਪੂਰਣ ਤੌਰ ’ਤੇ ਲਿੰਗ ਸਮਾਨਤਾ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਕਾਰਬਨ ਨਿਕਾਸੀ ਵਿਚ ਭਾਰੀ ਕਮੀ ਕਰਨਾ ਤੇ ਸਟੇਡੀਅਮ ਦੇ ਬਾਹਰ ਉਦਘਾਟਨੀ ਸਮਾਰੋਹ ਕਰਕੇ ਇਹ ਪਹਿਲਾਂ ਹੀ ਚਰਚਾ ਵਿਚ ਹੈ। ਹੁਣ ਇਨ੍ਹਾਂ ਵਿਚ ਇਕ ਹੋਰ ਉਪਲੱਬਧੀ ਜੁੜ ਗਈ ਹੈ। ਮੈਨੇਜਮੈਂਟ ਨੇ ਪਹਿਲੀ ਵਾਰ ਖੇਡ ਪਿੰਡ ਵਿਚ ਮਾਵਾਂ ਲਈ ਨਰਸਰੀ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿਚ ਐਥਲੀਟ ਮੁਸ਼ਕਿਲ ਪ੍ਰਤੀਯੋਗਿਤਾ ਤੇ ਟ੍ਰੇਨਿੰਗ ਪ੍ਰੋਗਰਾਮ ਵਿਚਾਲੇ ਆਪਣੇ ਬੱਚਿਆਂ ਨਾਲ ਆਸਾਨੀ ਨਾਲ ਸਮਾਂ ਬਿਤਾ ਸਕਣਗੇ।
ਫਰਾਂਸੀਸੀ ਰਾਸ਼ਟਰੀ ਓਲੰਪਿਕ ਤੇ ਖੇਡ ਕਮੇਟੀ ਖੇਡ ਪਿੰਡ ਦੇ ਅੰਦਰ ਪੇਰੈਟਿੰਗ ਦੀ ਜਗ੍ਹਾ ਬਣਾ ਰਹੀ ਹੈ, ਜਿੱਥੇ ਦੁੱਧ ਚੁੰਘਾਉਣ ਵਾਲੀਆਂ ਐਥਲੀਟਾਂ ਲਈ ਹੋਟਲ ਦੇ ਕਮਰੇ ਉਪਲੱਬਧ ਕਰਵਾਉਣ ਦਾ ਵਾਅਦਾ ਕੀਤਾ ਹੈ। ਇਸ ਵਿਚ ਉਨ੍ਹਾਂ ਮਾਵਾਂ ਨੂੰ ਸਹੂਲਤ ਹੋਵੇਗੀ, ਜਿਹੜੀਆਂ ਬੱਚਿਆਂ ਕਾਰਨ ਪ੍ਰੈਕਟਿਸ ਜਾਂ ਮੁਕਾਬਲੇਬਾਜ਼ੀ ਵਿਚ ਸੰਤੁਲਨ ਨਹੀਂ ਬਿਠਾ ਪਾਉਂਦੀਆਂ ਸਨ।
ਅਮਰੀਕੀ ਟ੍ਰੈਕ ਤੇ ਫੀਲਡ ਐਥਲੀਟ ਐਲਿਸਨ ਫੇਲਿਕਸ ਜਿਹੜੀ ਕਿ 2022 ਵਿਚ ਖੇਡ ਤੋਂ ਸੰਨਿਆਸ ਲੈਣ ਤੋਂ ਪਹਿਲਾਂ 11 ਓਲੰਪਿਕ ਤਮਗੇ ਜਿੱਤ ਚੁੱਕੀ ਹੈ, ਨੇ ਇਸ ਸੁਝਾਅ ਨੂੰ ਅੱਗੇ ਵਧਾਇਆ ਹੈ। ਕੌਮਾਂਤਰੀ ਓਲੰਪਿਕ ਕਮੇਟੀ ਦੇ ਐਥਲੀਟ ਕਮਿਸ਼ਨ ਵਿਚ ਸ਼ਾਮਲ ਫੇਲਿਕਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਅਸਲੀਅਤ ਵਿਚ ਮਹਿਲਾਵਾਂ ਨੂੰ ਦੱਸਦਾ ਹੈ ਕਿ ਤੁਸੀਂ ਮਾਂ ਬਣਨ ਦੀ ਚੋਣ ਕਰ ਸਕਦੇ ਹੋ ਤੇ ਆਪਣੀ ਖੇਡ ਵਿਚ ਚੋਟੀ ’ਤੇ ਵੀ ਰਹਿ ਸਕਦੇ ਹੋ।
ਨਿਵਾਸ : ਐਥਲੀਟਾਂ ਲਈ 2800 ਅਪਾਰਟਮੈਂਟ ਬਣਾਏ
ਓਲੰਪਿਕ ਤੇ ਪੈਰਾਲੰਪਿਕ ਪਿੰਡ ਵਿਚ 4 ਤੋਂ 8 ਐਥਲੀਟਾਂ ਦੇ ਰਹਿਣ ਲਈ 2800 ਅਪਾਰਟਮੈਂਟ ਬਣਾਏ ਗਏ ਹਨ। ਕਿਸੇ ਨੂੰ ਪ੍ਰਾਈਵੇਟ ਰੂਮ ਨਹੀਂ ਮਿਲੇਗਾ। ਐਥਲੀਟਾਂ ਦੇ ਕਮਰੇ ਹਰ ਦੂਜੇ ਦਿਨ ਸਾਫ ਕੀਤੇ ਜਾਣਗੇ। ਗਰਾਊਂਡ ਫਲੋਰ ’ਤੇ ਲਾਂਡਰੀ ਦੀ ਸਹੂਲਤ ਮਿਲੇਗੀ।
ਭੋਜਨ : 3200 ਸੀਟਾਂ ਦਾ ਡਾਈਨਿੰਗ ਹਾਲ ਬਣਾਇਆ
ਸਾਈਟ ਡੂ ਸਿਨੇਮਾ ਵਿਚ ਵਿਸ਼ੇਸ਼ ਡਾਈਨਿੰਗ ਹਾਲ ਬਣਾਇਆ ਗਿਆ ਹੈ, ਜਿਸ ਵਿਚ 3200 ਸੀਟਾਂ ਲੱਗੀਆਂ ਹਨ। ਇਸ ਵਿਚ ਐਥਲੀਟ ਇਕੱਠੇ ਬੈਠ ਕੇ ਭੋਜਨ ਦਾ ਮਜ਼ਾ ਲੈ ਸਕਦੇ ਹਨ। ਮੈਨਿਊ ਵਿਚ ਐਥਲੀਟਾਂ ਦੇ ਖਾਣੇ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਦੁਨੀਆ ਭਰ ਦੇ ਸ਼ੈੱਫ ਰੱਖੇ ਗਏ ਹਨ। ਐਥਲੀਟਾਂ ਦੇ ਪਰਿਵਾਰ ਇਕੱਠੇ ਹੋ ਸਕਣਗੇ, ਇਸਦੇ ਲਈ ਇਲੇ ਸੇਂਟ-ਡੈਨਿਸ ਵਿਚ 600 ਸੀਟਾਂ ਵਾਲਾ ਰੈਸਟੋਰੈਂਟ ਬਣਾਇਆ ਜਾਵੇਗਾ। ਖੇਡ ਪਿੰਡ ਵਿਚ ਫੂਡ ਟਰੱਕ ਤੋਂ ਦਰਸ਼ਕ ਲੋੜ ਦੇ ਅਨੁਸਾਰ ਖਾਣਾ ਲੈ ਸਕਣਗੇ।
ਫਿਟਨੈੱਸ ਸੈਂਟਰ : 24 ਘੰਟੇ ਖੁੱਲ੍ਹਾ ਰਹੇਗਾ
ਹਾਲੇ ਮੈਕਸਵੈੱਲ ਵਿਚ 3000 ਵਰਗ ਮੀਟਰ ਦਾ ਫਿਟੈੱਨਸ ਸੈਂਟਰ 24 ਘੰਟੇ ਖੁੱਲ੍ਹਾ ਰਹੇਗਾ। ਇਸ ਵਿਚ ਐਥਲੀਟਾਂ ਨੂੰ ਲੋੜ ਅਨੁਸਾਰ ਕੋਚ ਦੀ ਸਹੂਲਤ ਵੀ ਮਿਲੇਗੀ। ਕੁਲ 8 ਫਿਟਨੈੱਸ ਸੈਂਟਰ ਬਣਾਏ ਗਏ ਹਨ, ਜਿਨ੍ਹਾਂ ਵਿਚ ਸਿਟੀ ਟੂ ਸਿਨੇਮਾ ਦੇ ਸਟੂਡੀਓ ਦੇ ਅੰਦਰ ਹਨ ਤਾਂ ਕਿ ਐਥਲੀਟਾਂ ਨੂੰ ਜ਼ਿਆਦਾ ਸਫਰ ਨਾ ਕਰਨਾ ਪਵੇ।
ਦਿ ਵਿਲੇਜ਼ ਪਲਾਜਾ : ਸੁਪਰ ਮਾਰਕੀਟ ਬਣਾਈ
ਸੈਲਾਨੀਆਂ ਲਈ ਵਿਸ਼ੇਸ਼ ਤੌਰ ’ਤੇ ਵਿਲੇਜ਼ ਪਿਲਾਜਾ ਡਿਜ਼ਾਈਨ ਕੀਤਾ ਗਿਆ, ਜਿਸ ਵਿਚ ਸੈਲੂਨ ਤੋਂ ਇਲਾਵਾ ਸੁਪਰ ਮਾਰਕੀਟ ਤੋਂ ਕਈ ਸਹੂਲਤਾਂ ਮਿਲਣਗੀਆਂ। ਇਕ ਪਰਿਵਾਰਕ ਖੇਤਰ ਵਿਚ ਮਾਤਾ-ਪਿਤਾ ਆਪਣੇ ਛੋਟੇ ਬੱਚਿਆਂ ਨਾਲ ਸਮਾਂ ਬਿਤਾ ਸਕਦੇ ਹਨ ਤੇ ਨਾਲ ਹੀ ਵੱਖ-ਵੱਖ ਤਰ੍ਹਾਂ ਦੇ ਭੋਜਨ ਤੇ ਪੀਣ ਵਾਲੇ ਪਦਾਰਥਾਂ ਦਾ ਮਜ਼ਾ ਲੈਣ ਲਈ ਇਕ ਕੈਫੇ ਵੀ ਹੈ। ਸੈਲਾਨੀ ਜੇਕਰ ਫਰਾਂਸ ਵਿਚ ਘੁੰਮਣ ਦੀ ਇੱਛਾ ਰੱਖਦੇ ਹਨ ਤਾਂ ਇੱਥੇ ਇਕ ਸੂਚਨਾ ਕੇਂਦਰ ’ਤੇ ਸਾਰੀ ਜਾਣਕਾਰੀ ਉਪਲੱਬਧ ਹੈ।
ਟਰਾਂਸਪੋਰਟ : 30 ਮਿੰਟ ਦੀ ਦੂਰੀ ’ਤੇ ਸਥਾਨ
ਐਥਲੀਟਾਂ ਦਾ ਟ੍ਰੈਵਲਿੰਗ ਦਾ ਸਮਾਂ ਜ਼ਿਆਦਾ ਖਰਾਬ ਨਾ ਹੋਵੇ, ਇਸ ਲਈ ਗੇਮ ਜਿੱਥੇ ਖੇਡੀ ਜਾਣੀ ਹੈ, ਉਸਦੇ ਐਥਲੀਟਾਂ ਨੂੰ ਉੱਥੇ, ਨੇੜੇ ਹੀ ਠਹਿਰਾਇਆ ਜਾਵੇਗਾ। ਤਕਰੀਬਨ 80 ਫੀਸਦੀ ਐਥਲੀਟ ਅਜਿਹੇ ਹੋਣਗੇ, ਜਿਨ੍ਹਾਂ ਨੂੰ ਆਪਣੇ ਕਮਰੇ ਤੋਂ ਪ੍ਰਤੀਯੋਗਿਤਾ ਸਥਾਨ ’ਤੇ ਪਹੁੰਚਣ ਲਈ ਸਿਰਫ ਅੱਧਾ ਘੰਟਾ ਹੀ ਲੱਗੇਗਾ। ਇਸ ਕੰਮ ਨੂੰ ਸਪੈਸ਼ਲ ਟਰਾਂਸਪੋਰਟ ਸੰਭਵ ਬਣਾਏਗੀ।
ਏ. ਸੀ. ਬੈਨ ਦਾ ਫੈਸਲਾ ਹੋਇਆ ਰੱਦ
ਮੈਨੇਜਮੈਂਟ ਨੇ ਓਲੰਪਿਕ ਨੂੰ ਈਕੋ ਫ੍ਰੈਂਡਲੀ ਬਣਾਉਣ ਲਈ ਖੇਡ ਪਿੰਡ ਨੂੰ ਏ. ਸੀ. ਫਰੀ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਵੱਖ-ਵੱਖ ਦੇਸ਼ਾਂ ਦੇ ਵਿਰੋਧ ਦੇ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ। ਮੈਨੇਜਮੈਂਟ ਦਾ ਟੀਚਾ ਸੀ ਕਿ 2012 ਦੀਆਂ ਲੰਡਨ ਤੇ 2017 ਦੀਆਂ ਰੀਓ ਓਲੰਪਿਕ ਵਿਚ ਕਾਰਬਨ ਨਿਕਾਸ ਜਿਹੜੀ ਕਿ 3.5 ਮਿਲੀਅਨ ਟਨ ਤੋਂ ਵੱਧ ਸੀ, ਨੂੰ ਘਟਾ ਕੇ 1.75 ਮਿਲੀਅਨ ਟਨ ਤਕ ਲਿਆਂਦਾ ਜਾਵੇਗਾ ਪਰ ਅਜਿਹਾ ਸੰਭਵ ਨਹੀਂ ਦਿਸ ਰਿਹਾ। ਆਸਟ੍ਰੇਲੀਆ, ਕੈਨੇਡਾ, ਡੈੱਨਮਾਰਕ, ਗ੍ਰੀਸ, ਇਟਲੀ, ਯੂ. ਕੇ. ਤੇ ਯੂ. ਐੱਸ. ਓਲੰਪਿਕ ਕਮੇਟੀਆਂ ਨੇ ਪਹਿਲਾਂ ਹੀ ਕਥਿਤ ਤੌਰ ’ਤੇ ਹਰੇਕ ਐਥਲੀਟ ਦੇ ਕਮਰੇ ਵਿਚ ਖੁਦ ਦੇ ਏ. ਸੀ. ਲਗਾਉਣ ਦੀ ਯੋਜਨਾ ਬਣਾ ਲਈ ਸੀ।
ਵੈਕਿਊਮ ਕਲੀਨਰ ਨਾਲ ਸ਼ੁੱਧ ਕੀਤੀ ਜਾਵੇਗੀ ਹਵਾ
ਬੀਜ਼ਿੰਗ ਓਲੰਪਿਕ ਦੌਰਾਨ ਧੁੰਦ ਸਕਾਉਣ ਤੇ ਹਵਾ ਨੂੰ ਸ਼ੁੱਧ ਕਰਨ ਲਈ ਵਿਸ਼ੇਸ਼ ਵੈਕਿਊਮ ਕਲੀਨਰ ਲਗਾਏ ਗਏ ਸਨ। ਖੇਡ ਪਿੰਡ ਵਿਚ ਏਅਰੋਫਾਈਨਲ ਕੰਪਨੀ ਵੱਲੋਂ ਸੀਨ-ਸੇਂਟ-ਡੈਨਿਸ ਕੋਲ ਇਹ ਕਲੀਨਰ ਲਗਾਏ ਗਏ ਹਨ। ਉੱਡਣ ਤੱਸ਼ਤਰੀਆਂ ਵਰਗੇ ਦਿਸਣ ਵਾਲੇ ਇਨ੍ਹਾਂ ਕਲੀਨਰਾਂ ਦਾ ਕੰਮ ਵੱਧ ਤੋਂ ਵੱਧ ਪ੍ਰਦੂਸ਼ਿਤ ਹਿੱਸੇ ਵਿਚ ਹਵਾ ਨੂੰ ਸਾਫ ਤੇ ਸ਼ੁੱਧ ਕਰਨਾ ਹੈ।