ਪ੍ਰੋ ਕਬੱਡੀ ਲੀਗ ਦੀ ਨਿਲਾਮੀ ’ਚ ਨਾ ਖਰੀਦੇ ਜਾਣ ’ਤੇ ਪਰਦੀਪ ਨਰਵਾਲ ਨੇ ਕੀਤਾ ਸੰਨਿਆਸ ਦਾ ਐਲਾਨ
Wednesday, Jun 04, 2025 - 11:52 AM (IST)

ਮੁੰਬਈ– ਮਹਾਰਾਸ਼ਟਰ ਦੇ ਮੁੰਬਈ ਵਿਚ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) 2025 ਦੀ ਨਿਲਾਮੀ ਵਿਚ ਕਿਸੇ ਵੀ ਟੀਮ ਵੱਲੋਂ ਨਾ ਖਰੀਦੇ ਜਾਣ ’ਤੇ ਸਟਾਰ ਖਿਡਾਰੀ ਪਰਦੀਪ ਨਰਵਾਲ ਨੇ ਕਬੱਡੀ ਖੇਡ ਤੋਂ ਸੰਨਿਆਸ ਲੈ ਲਿਆ।
ਪ੍ਰਦੀਪ ਨੇ ਸੋਸ਼ਲ ਮੀਡੀਆ ’ਤੇ ਕਿਹਾ,‘‘ਸੱਚ ਕਹਾਂ ਤਾਂ ਉਸ ਵਕਤ ਮੈਨੂੰ ਕੁਝ ਮਹਿਸੂਸ ਨਹੀਂ ਹੋਇਆ। ਮੈਂ ਸੋਚਿਆ ਕਿ ਕੋਈ ਨਾ ਕੋਈ ਟੀਮ ਜ਼ਰੂਰ ਖਰੀਦੇਗੀ।’’ ਉਸ ਨੇ ਕਿਹਾ, ‘‘ਜਦੋਂ ਮੈਂ ਪਟਨਾ ਲਈ ਖੇਡਦਾ ਸੀ, ਤਦ ਮੈਂ 200-300 ਅੰਕ ਬਣਾਉਂਦਾ ਸੀ। ਹੁਣ ਤਾਂ 111 ਜਾਂ 122 ਵੀ ਘੱਟ ਲੱਗਦੇ ਹਨ। ਮੈਂ ਹਰ ਮੈਚ ਵਿਚ 15-16 ਅੰਕ ਬਣਾਉਣਾ ਚਾਹੁੰਦਾ ਸੀ। ਸਿਰਫ 3-4 ਨਹੀਂ।’’
ਪ੍ਰਦੀਪ ਨੇ ਕਿਹਾ ਕਿ ਉਹ ਸੰਨਿਆਸ ਲੈਣ ਤੋਂ ਬਾਅਦ ਕੋਚਿੰਗ ਵਿਚ ਹੱਥ ਅਜਮਾਏਗਾ। ਪ੍ਰਦੀਪ ਨੂੰ ਪ੍ਰੋ ਕਬੱਡੀ ਦੇ ਇਤਿਹਾਸ ਦੇ ਸਭ ਤੋਂ ਮਹਾਨ ਖਿਡਾਰੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਉਸ ਨੇ ਕਬੱਡੀ ਨੂੰ ਦੇਸ਼ ਭਰ ਵਿਚ ਪ੍ਰਸਿੱਧ ਬਣਾਉਣ ਵਿਚ ਵੱਡਾ ਯੋਗਦਾਨ ਦਿੱਤਾ। ਉਸ ਨੇ ਪਟਨਾ ਪਾਈਰੇਟਸ ਨੂੰ ਲਗਾਤਾਰ 3 ਸੀਜ਼ਨਾਂ ਵਿਚ ਚੈਂਪੀਅਨ ਬਣਾਇਆ ਹੈ। ਉਹ ਪੀ.ਕੇ. ਐੱਲ. ਵਿਚ 1000 ਤੇ 1500 ਰੇਡ ਪੁਆਇੰਟ ਪਾਰ ਕਰਨ ਵਾਲਾ ਪਹਿਲਾ ਖਿਡਾਰੀ ਹੈ।