ਓਡੀਸ਼ਾ ਸਰਕਾਰ ਦਾ ਸੋਨ ਤਗਮਾ ਜੇਤੂ ਭਾਰਤੀ ਮਹਿਲਾ ਹਾਕੀ ਟੀਮ ਲਈ 11-11 ਲੱਖ ਰੁਪਏ ਦੇਣ ਦਾ ਐਲਾਨ
Saturday, Oct 03, 2026 - 03:08 PM (IST)
ਭੁਵਨੇਸ਼ਵਰ- ਓਡੀਸ਼ਾ ਸਰਕਾਰ ਨੇ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੇ ਹਰੇਕ ਖਿਡਾਰੀ ਲਈ 11 ਲੱਖ ਰੁਪਏ ਅਤੇ ਸਪੋਰਟ ਸਟਾਫ਼ ਦੇ ਹਰੇਕ ਮੈਂਬਰ ਲਈ 5.5 ਲੱਖ (ਸਾਢੇ ਪੰਜ ਲੱਖ) ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ ਫਾਈਨਲ ਮੁਕਾਬਲੇ ਵਿੱਚ ਚੀਨ ਨੂੰ 1-0 ਨਾਲ ਹਰਾ ਕੇ 44 ਸਾਲਾਂ ਬਾਅਦ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਹੈ ਅਤੇ ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਲਾਸ ਏਂਜਲਸ ਓਲੰਪਿਕ 2028 ਲਈ ਵੀ ਕੁਆਲੀਫਾਈ ਕਰ ਲਿਆ ਹੈ।
ਓਡੀਸ਼ਾ ਦੇ ਮੁੱਖ ਮੰਤਰੀ ਦਫ਼ਤਰ ਨੇ ਦੱਸਿਆ ਕਿ ਮੁੱਖ ਮੰਤਰੀ ਸ਼੍ਰੀ ਮੋਹਨ ਚਰਨ ਮਾਂਝੀ ਨੇ ਭਾਰਤੀ ਮਹਿਲਾ ਹਾਕੀ ਟੀਮ ਦੇ ਹਰੇਕ ਮੈਂਬਰ ਨੂੰ 11 ਲੱਖ ਰੁਪਏ ਅਤੇ ਸਪੋਰਟ ਸਟਾਫ਼ ਨੂੰ 5.5 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਓਡੀਸ਼ਾ ਸਰਕਾਰ ਸਾਲ 2018 ਤੋਂ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਦੀ ਪ੍ਰਮੁੱਖ ਸਪਾਂਸਰ (ਪ੍ਰਾਇੋਜਕ) ਹੈ ਅਤੇ ਇਹ ਸਮਝੌਤਾ ਸਾਲ 2036 ਤੱਕ ਵਧਾਇਆ ਗਿਆ ਹੈ।
