ਪੈਰਾਲੰਪਿਕ ਖੇਡਾਂ : ਹੋਕਾਟੋ ਸੇਮਾ ਨੇ ਸ਼ਾਟ ਪੁਟ ਈਵੈਂਟ ''ਚ ਜਿੱਤਿਆ ਕਾਂਸੀ ਦਾ ਤਮਗਾ
Saturday, Sep 07, 2024 - 12:58 PM (IST)
ਪੈਰਿਸ : ਪੈਰਾਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਹਿੱਸਾ ਲੈ ਰਹੇ ਭਾਰਤੀ ਅਥਲੀਟ ਹੋਕਾਟੋ ਸੇਮਾ ਨੇ ਪੁਰਸ਼ਾਂ ਦੇ ਸ਼ਾਟ ਪੁਟ ਐਫ57 ਦੇ ਫਾਈਨਲ ਮੈਚ ਵਿੱਚ ਆਪਣੇ ਨਿੱਜੀ ਸਰਵੋਤਮ ਥਰੋਅ ਨਾਲ ਕਾਂਸੀ ਦਾ ਤਮਗਾ ਜਿੱਤਿਆ। ਨਾਗਾਲੈਂਡ ਦੇ ਅਥਲੀਟ ਹੋਕਾਟੋ ਸੇਮਾ ਨੇ ਸ਼ੁੱਕਰਵਾਰ ਦੇਰ ਰਾਤ ਖੇਡੇ ਗਏ ਸ਼ਾਟ ਪੁਟ ਈਵੈਂਟ 'ਚ 14.65 ਮੀਟਰ ਦੇ ਆਪਣੇ ਨਿੱਜੀ ਸਰਵੋਤਮ ਥਰੋਅ ਨਾਲ ਤੀਜੇ ਸਥਾਨ 'ਤੇ ਰਿਹਾ ਅਤੇ ਕਾਂਸੀ ਦਾ ਤਮਗਾ ਜਿੱਤਿਆ।
ਇਸ ਨਾਲ ਪੈਰਾਲੰਪਿਕ 'ਚ ਭਾਰਤ ਦੇ 6 ਸੋਨ, 9 ਚਾਂਦੀ ਅਤੇ 12 ਕਾਂਸੀ ਦੇ ਤਮਗਿਆਂ ਦੀ ਗਿਣਤੀ ਵਧ ਕੇ 27 ਹੋ ਗਈ ਹੈ। ਇਸ ਈਵੈਂਟ ਵਿੱਚ ਈਰਾਨ ਦੇ ਯਾਸੀਨ ਕੋਸਾਵਾਨੀ ਨੇ 15.96 ਮੀਟਰ ਥਰੋਅ ਨਾਲ ਸੋਨ ਤਮਗਾ ਅਤੇ ਥਿਆਗੋ ਪੌਲੀਨੋ ਨੇ 15.06 ਮੀਟਰ ਥਰੋਅ ਨਾਲ ਚਾਂਦੀ ਦਾ ਤਮਗਾ ਜਿੱਤਿਆ। 24 ਦਸੰਬਰ 1983 ਨੂੰ ਜਨਮੇ ਹੋਕਾਟੋ ਸੇਮਾ ਨਾਗਾਲੈਂਡ ਦੇ ਇੱਕ ਕਿਸਾਨ ਪਰਿਵਾਰ ਤੋਂ ਆਉਂਦੇ ਹਨ।
ਉਹ ਫੌਜ ਵਿਚ ਸੀ ਅਤੇ ਸਾਲ 2002 ਵਿਚ ਹੋਕਾਟੋ ਸੇਮਾ ਨੇ ਚੌਕੀਬਲ, ਜੰਮੂ-ਕਸ਼ਮੀਰ ਵਿਚ ਅੱਤਵਾਦ ਵਿਰੋਧੀ ਮੁਹਿੰਮ ਵਿਚ ਹਿੱਸਾ ਲਿਆ ਸੀ। ਇਸ ਦੌਰਾਨ ਬਾਰੂਦੀ ਸੁਰੰਗ ਦੇ ਧਮਾਕੇ ਵਿੱਚ ਉਸ ਦੀ ਖੱਬੀ ਲੱਤ ਗਵਾ ਦਿੱਤੀ। ਆਪਣੀ ਲੱਤ ਹਾਰਨ ਤੋਂ ਬਾਅਦ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਕਈ ਚੁਣੌਤੀਆਂ ਦੇ ਬਾਵਜੂਦ 2016 ਵਿੱਚ ਪੈਰਾ ਐਥਲੀਟ ਬਣਨ ਵੱਲ ਮੁੜਿਆ। ਸੇਮਾ ਨੇ ਏਸ਼ੀਅਨ ਪੈਰਾ ਖੇਡਾਂ 2022 (2023) ਵਿੱਚ ਕਾਂਸੀ ਦਾ ਤਮਗਾ ਜਿੱਤਿਆ, ਵਿਸ਼ਵ ਚੈਂਪੀਅਨਸ਼ਿਪ 2024 ਵਿੱਚ ਚੌਥੇ ਸਥਾਨ 'ਤੇ ਰਹੇ ਅਤੇ ਮੋਰੋਕੋ ਗ੍ਰਾਂ ਪ੍ਰੀ 2022 ਵਿੱਚ ਚਾਂਦੀ ਦਾ ਤਮਗਾ ਜਿੱਤਿਆ।