ਪੈਰਾਲੰਪਿਕ ''ਚ ਤਮਗਾ ਜਿੱਤਣ ਵਾਲੇ ਸੇਮਾ ਨੇ ਦੇਸ਼ ਲਈ ਗਵਾਏ ਪੈਰ, ਜਾਣੋ ਸੰਘਰਸ਼ ਦੀ ਪੂਰੀ ਕਹਾਣੀ

Saturday, Sep 07, 2024 - 02:47 PM (IST)

ਪੈਰਾਲੰਪਿਕ ''ਚ ਤਮਗਾ ਜਿੱਤਣ ਵਾਲੇ ਸੇਮਾ ਨੇ ਦੇਸ਼ ਲਈ ਗਵਾਏ ਪੈਰ, ਜਾਣੋ ਸੰਘਰਸ਼ ਦੀ ਪੂਰੀ ਕਹਾਣੀ

ਪੈਰਿਸ : ਉਹ ਅਕਤੂਬਰ 2002 ਦੀ ਗੱਲ ਸੀ ਜਦੋਂ ਜੰਮੂ-ਕਸ਼ਮੀਰ ਦੇ ਚੌਕੀਬਲ ਦੇ ਅਸ਼ਾਂਤ ਖੇਤਰ ਵਿੱਚ ਅਚਾਨਕ ਹੋਏ ਧਮਾਕੇ ਨੇ ਹੌਲਦਾਰ ਹੋਕਾਟੋ ਹੋਤੋਜੇ ਸੇਮਾ ਦੇ ਵਿਸ਼ੇਸ਼ ਫੌਜ ਵਿੱਚ ਸ਼ਾਮਲ ਹੋਣ ਦਾ ਸੁਫ਼ਨਾ ਚਕਨਾਚੂਰ ਕਰ ਦਿੱਤਾ। ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਹੋਏ ਬਾਰੂਦੀ ਸੁਰੰਗ ਦੇ ਧਮਾਕੇ ਕਾਰਨ ਉਨ੍ਹਾਂ ਨੇ ਖੱਬੇ ਪੈਰ ਦੇ ਗੋਡੇ ਤੋਂ ਹੇਠਾਂ ਵਾਲਾ ਹਿੱਸਾ ਗੁਆ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਸਰੀਰਿਕ ਦਰਦ ਅਤੇ ਮਾਨਸਿਕ ਸਦਮਾ ਪਹੁੰਚਿਆ। ਲੋਕਾਂ ਨੂੰ ਲੱਗਦਾ ਸੀ ਕਿ ਸੇਮਾ ਦੀ ਦੁਨੀਆ 'ਚ ਹਨ੍ਹੇਰਾ ਹੋ ਗਿਆ ਹੈ ਪਰ ਇਸ ਨੌਜਵਾਨ ਨੇ ਹਿੰਮਤ ਨਹੀਂ ਹਾਰੀ। ਨਤੀਜੇ ਵਜੋਂ 40 ਸਾਲਾ ਸੇਮਾ ਨੇ ਪੈਰਿਸ ਪੈਰਾਲੰਪਿਕ ਖੇਡਾਂ ਵਿੱਚ ਪੁਰਸ਼ਾਂ ਦੇ ਐੱਫ57 ਵਰਗ ਵਿੱਚ ਸ਼ਾਟ ਪੁਟ ਵਿੱਚ 14.65 ਮੀਟਰ ਦੇ ਆਪਣੇ ਕਰੀਅਰ ਦੀ ਸਰਵੋਤਮ ਥਰੋਅ ਨਾਲ ਕਾਂਸੀ ਤਮਗਾ ਜਿੱਤਿਆ। ਇਹ ਸ਼੍ਰੇਣੀ ਉਨ੍ਹਾਂ ਖਿਡਾਰੀਆਂ ਲਈ ਹੈ ਜਿਨ੍ਹਾਂ ਦੇ ਕਈ ਅੰਗ ਨਹੀਂ ਹਨ ਜਾਂ ਜਿਨ੍ਹਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ। 

PunjabKesari
ਭਾਰਤੀ ਖਿਡਾਰੀ ਸੇਮਾ ਨੇ ਖੁਦ ਨੂੰ ਇਸ ਵਰਗ ਲਈ ਤਿਆਰ ਕੀਤਾ। ਪੁਣੇ ਸਥਿਤ ਆਰਟੀਫਿਸ਼ੀਅਲ ਅੰਗ ਕੇਂਦਰ 'ਚ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਸੇਮਾ ਦੀ ਫਿਟਨੈੱਸ ਨੂੰ ਦੇਖ ਕੇ ਉਨ੍ਹਾਂ ਨੂੰ ਸ਼ਾਟ ਪੁਟ ਖੇਡਣ ਲਈ ਉਤਸ਼ਾਹਿਤ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ 2016 ਵਿੱਚ 32 ਸਾਲ ਦੀ ਉਮਰ ਵਿੱਚ ਇਸ ਖੇਡ ਨੂੰ ਅਪਣਾਇਆ।
ਸੇਮਾ ਨੇ ਉਸੇ ਸਾਲ ਨੈਸ਼ਨਲ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਗ ਲਿਆ। ਉਨ੍ਹਾਂ ਨੇ 2022 'ਚ ਮੋਰੱਕਨ ਗ੍ਰਾਂ ਪ੍ਰੀ ਵਿੱਚ ਚਾਂਦੀ ਅਤੇ ਹਾਂਗਜ਼ੂ ਏਸ਼ੀਅਨ ਪੈਰਾ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਉਹ 2024 ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਥੋੜ੍ਹੇ ਫਰਕ ਨਾਲ ਤਮਗਾ ਜਿੱਤਣ ਤੋਂ ਖੁੰਝ ਗਏ ਅਤੇ ਚੌਥੇ ਸਥਾਨ 'ਤੇ ਰਹੇ। ਪਰ ਸੇਮਾ ਦਾ ਇਰਾਦਾ ਕਦੇ ਡੋਲਿਆ ਨਹੀਂ।

PunjabKesari
ਪੈਰਾਲੰਪਿਕ ਖੇਡਾਂ ਵਿੱਚ ਸੇਮਾ ਨੇ ਆਪਣੀ ਚੌਥੀ ਕੋਸ਼ਿਸ਼ ਵਿੱਚ ਆਪਣੀ ਸਰਵੋਤਮ ਥਰੋਅ ਨਾਲ ਕਾਂਸੀ ਦਾ ਤਮਗਾ ਜਿੱਤਿਆ। ਈਰਾਨ ਦੇ ਦੋ ਵਾਰ ਦੇ ਪੈਰਾ ਵਿਸ਼ਵ ਚੈਂਪੀਅਨ ਯਾਸੀਨ ਖੋਸਰਾਵੀ ਨੇ 15.96 ਮੀਟਰ ਦੇ ਪੈਰਾਲੰਪਿਕ ਰਿਕਾਰਡ ਦੇ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ, ਜਦੋਂ ਕਿ ਬ੍ਰਾਜ਼ੀਲ ਦੇ ਥਿਆਗੋ ਡੌਸ ਸੈਂਟੋਸ ਨੇ ਚਾਂਦੀ ਦਾ ਤਮਗਾ (15.06 ਮੀਟਰ) ਜਿੱਤਿਆ।

PunjabKesari

ਪੀਐੱਮ ਮੋਦੀ ਦੀ ਕੀਤੀ ਤਾਰੀਫ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੇਮਾ ਦੀ ਅਦੁੱਤੀ ਤਾਕਤ ਅਤੇ ਦ੍ਰਿੜ ਇਰਾਦੇ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੀ ਜਿੱਤ ਨੂੰ ਦੇਸ਼ ਲਈ ਮਾਣ ਵਾਲਾ ਪਲ ਦੱਸਿਆ। ਮੋਦੀ ਨੇ ਟਵਿੱਟਰ 'ਤੇ ਲਿਖਿਆ, 'ਇਹ ਸਾਡੇ ਦੇਸ਼ ਲਈ ਮਾਣ ਵਾਲਾ ਪਲ ਹੈ। ਹੋਕਾਟੋ ਹੋਟੋਜੇ ਸੇਮਾ ਨੇ ਪੁਰਸ਼ਾਂ ਦੇ ਸ਼ਾਟ ਪੁਟ ਐੱਫ57 ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਉਨ੍ਹਾਂ ਦੀ ਅਦੁੱਤੀ ਤਾਕਤ ਅਤੇ ਦ੍ਰਿੜ ਸੰਕਲਪ ਅਸਾਧਾਰਣ ਹਨ। ਉਨ੍ਹਾਂ ਨੂੰ ਵਧਾਈ ਅਤੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।


author

Aarti dhillon

Content Editor

Related News