ਅੰਕੜਿਆਂ ਦੇ ਖੇਡ ’ਚ ਮਾਹਿਰ ਹੈ ਪੰਤ, ਉਸਦਾ ਆਪਣਾ ‘ਕੰਪਿਊਟਰ’ ਹੈ : ਸ਼ਾਸਤਰੀ
Monday, Jun 23, 2025 - 02:53 PM (IST)

ਲੀਡਸ– ਭਾਰਤ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਇੱਥੇ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਵਿਚ ਰਿਸ਼ਭ ਪੰਤ ਦੇ ਸਾਹਸੀ ਤੇ ਮਨੋਰੰਜਕ ਪ੍ਰਦਰਸ਼ਨ ਤੋਂ ਬਾਅਦ ਕਿਹਾ ਕਿ ਇਹ ਹਮਲਾਵਰ ਵਿਕਟਕੀਪਰ ਬੱਲੇਬਾਜ਼ ਅੰਕੜਿਆਂ ਦੀ ਖੇਡ ਖੂਬਸੂਰਤੀ ਨਾਲ ਖੇਡਦਾ ਹੈ ਤੇ ਉਸਦੇ ਕੋਲ ਆਪਣਾ ‘ਕੰਪਿਊਟਰ’ ਹੈ, ਜਿਸ ਨੂੰ ਚਲਾਉਣ ਦਾ ਤਰੀਕਾ ਸਿਰਫ ਉਸ ਨੂੰ ਹੀ ਪਤਾ ਹੈ।
ਪੰਤ ਨੇ ਦੂਜੇ ਦਿਨ ਆਪਣੀ ਬੱਲੇਬਾਜ਼ੀ ਨਾਲ ਹੇਡਿੰਗਲੇ ਦੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹੋਏ ਸਿਰਫ 178 ਗੇਂਦਾਂ ਵਿਚ 12 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 134 ਦੌੜਾਂ ਦੀ ਸਾਹਸੀ ਪਾਰੀ ਖੇਡੀ ਸੀ। ਪੈਡਲ ਸਵੀਪ, ਸੈਂਕੜੇ ਤੋਂ ਬਾਅਦ ਦੀ ਕਲਾਬਾਜ਼ੀ, ਪੰਤ ਦੀ ਯਾਦਗਾਰ ਪਾਰੀ ਵਿਚ ਕਲਾਤਮਕਤਾ ਤੇ ਪਾਗਲਪਨ ਦੋਵੇਂ ਹੀ ਬਰਾਬਰ ਰੂਪ ਨਾਲ ਨੂੰ ਦੇਖਣ ਨੂੰ ਮਿਲੇ। ਸ਼ਾਸਤਰੀ ਨੇ ਕਿਹਾ, ‘‘ਪੰਤ ਅੰਕੜਿਆਂ ਦੀ ਖੇਡ ਨੂੰ ਖੂਬਸੂਰਤੀ ਨਾਲ ਖੇਡਦਾ ਹੈ। ਉਹ ਆਪਣੇ ਤਰੀਕੇ ਨਾਲ ਖੇਡਦਾ ਹੈ। ਉਹ ਤੇਜ਼ੀ ਨਾਲ ਆਪਣੀ ਖੇਡ ਵਿਚ ਬਦਲਾਅ ਲਿਆਉਣ ਵਿਚ ਮਾਹਿਰ ਹੈ।’’